ਨੂੰਹ-ਸੱਸ ਨੂੰ ਕਾਰ ਹੇਠਾਂ ਦੇ ਕੇ ਮਾਰਿਆ
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਚੌਧਰੀਵਾਲਾ ਵਿਖੇ ਮਾਮੂਲੀ ਬਹਿਸਬਾਜ਼ੀ ਮਗਰੋਂ ਗੁੱਸੇ ਵਿਚ ਆਏ ਇਕ ਵਿਅਕਤੀ ਨੇ ਉਸ ਦੇ ਘਰ ’ਚ ਆਈਆਂ ਸੱਸ-ਨੂੰਹ ਨੂੰ ਕਾਰ ਥੱਲੇ ਦੇ ਕੇ ਮਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਭੱਜ ਗਿਆ।
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਚੌਧਰੀਵਾਲਾ ਵਿਖੇ ਮਾਮੂਲੀ ਬਹਿਸਬਾਜ਼ੀ ਮਗਰੋਂ ਗੁੱਸੇ ਵਿਚ ਆਏ ਇਕ ਵਿਅਕਤੀ ਨੇ ਉਸ ਦੇ ਘਰ ’ਚ ਆਈਆਂ ਸੱਸ-ਨੂੰਹ ਨੂੰ ਕਾਰ ਥੱਲੇ ਦੇ ਕੇ ਮਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਭੱਜ ਗਿਆ। ਥਾਣਾ ਸਰਹਾਲੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਰਹਾਲੀ ਵਿਖੇ ਝਿਲਮਿਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਫੇਰੂਮਾਨ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੇ ਬਿਆਨ ਦਰਜ ਕਰਵਾਏ ਕਿ 24 ਸਤੰਬਰ ਨੂੰ ਉਹ ਆਪਣੀ ਭੈਣ ਰਾਜਬੀਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਚੌਧਰੀਵਾਲਾ ਨੌਸ਼ਹਿਰਾ ਪਨੂੰਆਂ ਜ਼ਿਲ੍ਹਾ ਤਰਨ ਤਾਰਨ ਨੂੰ ਮਿਲਣ ਲਈ ਆਇਆ ਸੀ। ਮੇਰੀ ਭੈਣ ਰਾਜਬੀਰ ਕੌਰ ਤੇ ਉਸ ਦੀ ਸੱਸ ਸੁਰਜੀਤ ਕੌਰ ਪਤਨੀ ਸਵ. ਨਰਿੰਦਰ ਸਿੰਘ ਵਾਸੀਅਨ ਚੌਧਰੀਵਾਲਾ ਆਪਣੇ ਗੁਆਂਢੀ ਬਲਦੇਵ ਸਿੰਘ ਉਰਫ ਫੌਜੀ ਪੁੱਤਰ ਅਰਜਨ ਸਿੰਘ ਵਾਸੀ ਚੌਧਰੀਵਾਲਾ ਦੇ ਘਰ ਕਿਸੇ ਕੰਮ ਗਈਆਂ ਸਨ। ਮੈਂ ਉਨ੍ਹਾਂ ਦੀ ਬਹਿਸਬਾਜ਼ੀ ਦੀ ਆਵਾਜ਼ ਸੁਣ ਕੇ ਜਦ ਬਲਦੇਵ ਸਿੰਘ ਦੇ ਘਰ ਵੱਲ ਗਿਆ ਤਾਂ ਬਲਦੇਵ ਸਿੰਘ ਦੇ ਘਰ ’ਚ ਮੇਰੀ ਭੈਣ ਅਤੇ ਉਸ ਦੀ ਸੱਸ ਸੁਰਜੀਤ ਕੌਰ ਕੁਰਸੀਆਂ ’ਤੇ ਬੈਠੀਆਂ ਹੋਈਆਂ ਸਨ ਤਾਂ ਬਲਦੇਵ ਸਿੰਘ ਨੇ ਇਕਦਮ ਗੁੱਸੇ ਵਿਚ ਆ ਕੇ ਆਪਣੀ ਕਾਰ ਰਾਜਬੀਰ ਕੌਰ ਅਤੇ ਸੁਰਜੀਤ ਕੌਰ ਉਪਰ ਚੜ੍ਹਾਅ ਦਿੱਤੀ। ਕਾਰ ਥੱਲੇ ਆਉਣ ਕਾਰਨ ਰਾਜਬੀਰ ਕੌਰ ਅਤੇ ਸੁਰਜੀਤ ਕੌਰ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ ਗਿਆ, ਜਿਥੇ ਰਾਜਬੀਰ ਕੌਰ ਅਤੇ ਸੁਰਜੀਤ ਕੌਰ ਦੀ ਮੌਤ ਹੋ ਗਈ। ਥਾਣਾ ਸਰਹਾਲੀ ਦੇ ਐੱਸ.ਐੱਚ.ਓ. ਰੌਹਾਨ ਸਿੰਘ ਸੋਢੀ ਨੇ ਦੱਸਿਆ ਕਿ ਕਾਰ ਚਾਲਕ ਬਲਦੇਵ ਸਿੰਘ ਉਰਫ ਫੌਜੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।