ਅੰਮ੍ਰਿਤਸਰ ’ਚ 2 ਸਕੇ ਭਰਾਵਾਂ ਸਮੇਤ 9 ਤਸਕਰ ਗ੍ਰਿਫ਼ਤਾਰ
8 ਪਿਸਤੌਲ, 8.5 ਕਿੱਲੋ ਹੈਰੋਇਨ ਤੇ 12.95 ਲੱਖ ‘ਡਰਗ ਮਨੀ’ ਬਰਾਮਦ
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 9 ਤਸਕਰਾਂ ਨੂੰ 8 ਗ਼ੈਰ-ਕਾਨੂੰਨੀ ਪਿਸਤੌਲਾਂ, 8. 536 ਕਿੱਲੋ ਹੈਰੋਇਨ ਅਤੇ 12.
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 9 ਤਸਕਰਾਂ ਨੂੰ 8 ਗ਼ੈਰ-ਕਾਨੂੰਨੀ ਪਿਸਤੌਲਾਂ, 8.536 ਕਿੱਲੋ ਹੈਰੋਇਨ ਅਤੇ 12.95 ਲੱਖ ਰੁਪਏ ਦੀ ‘ਡਰੱਗ ਮਨੀ’ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਾਲੇ 3 ਮੁੱਖ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ ’ਚ ਇਹ ਖ਼ੁਲਾਸਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਰਸ਼ਨ ਸਿੰਘ ਉਰਫ਼ ਚੰਨਾ (25) ਵਾਸੀ ਪਿੰਡ ਰਾਣੀਆਂ ਹਾਲ ਜੰਡ ਪੀਰ ਕਾਲੋਨੀ, ਸਤਨਾਮ ਸਿੰਘ (46) ਵਾਸੀ ਪਿੰਡ ਮੰਜ, ਮਹਾਂਬੀਰ ਸਿੰਘ (34) ਵਾਸੀ ਪਿੰਡ ਰਾਜੋਕੇ ਤਰਨ ਤਾਰਨ, ਲਵਪ੍ਰੀਤ ਸਿੰਘ ਉਰਫ਼ ਫੂਲਾ ਉਰਫ਼ ਲਵ (24) ਵਾਸੀ ਕਰਤਾਰ ਨਗਰ, ਹਰਮਨ ਸਿੰਘ ਉਰਫ਼ ਹੰਮਾ (23) ਅਤੇ ਨਰਿੰਦਰ ਸਿੰਘ ਉਰਫ਼ ਰੋਬਾ (26) ਦੋਵੇਂ ਵਾਸੀ ਕਾਲਾ ਘੰਨੂਪੁਰ, ਕਰਨ ਸਿੰਘ ਉਰਫ਼ ਕਰਨ (22) ਵਾਸੀ ਪਿੰਡ ਭਿੱਖੀਵਿੰਡ ਤਰਨ ਤਾਰਨ, ਗੁਰਜੰਟ ਸਿੰਘ ਉਰਫ਼ ਘੁੱਧਾ (24) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ (21) ਦੋਵੇਂ ਵਾਸੀ ਭੱਲਾ ਕਾਲੋਨੀ ਛੇਹਰਟਾ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਤਿੰਨ .30 ਬੋਰ, ਚਾਰ 9 ਐਮ.ਐਮ. ਗਲੋਕ, ਇਕ .32 ਬੋਰ ਅਤੇ 4 ਜਿੰਦਾ ਕਾਰਤੂਸ ਸ਼ਾਮਿਲ ਹਨ। ਪੁਲਿਸ ਕਮਿਸ਼ਨਰ ਗਿੱਲ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਸਲ੍ਹੇ ਅਤੇ ਨਸ਼ੇ ਦੇ ਮਾਮਲਿਆਂ ਵਿਚ ਸ਼ਾਮਿਲ ਇਹ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿਚ ਸਨ, ਜਿਨ੍ਹਾਂ ਤੋਂ ਇਹ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਹੋਰ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਵਿਅਕਤੀਆਂ ਦੀ ਪਛਾਣ ਅਤੇ ਨਸ਼ਾ ਤਸਕਰੀ ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਵਿਆਪਕ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਅਗਲੇ-ਪਿਛਲੇ ਸੰਬੰਧਾਂ ਦੀ ਜਾਂਚ ਜਾਰੀ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ , ਸੀ.ਆਈ.ਏ. ਸਟਾਫ ਦੇ ਇੰਸ: ਅਮੋਲਕਦੀਪ ਸਿੰਘ, ਇੰਸ. ਅਮਨਦੀਪ ਸਿੰਘ ਆਦਿ ਹਾਜ਼ਰ ਸਨ।