ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਲੋਂ ਦੋ ਰੋਜ਼ਾ ਵਿੱਦਿਅਕ ਤੇ ਇਤਿਹਾਸਕ ਟੂਰ
ਮੰਡੀ ਕਿੱਲਿਆਂਵਾਲੀ , 18 ਨਵੰਬਰ ( ਇਕਬਾਲ ਸਿੰਘ ਸ਼ਾਂਤ )- ਬਾਲ ਦਿਵਸ ਮੌਕੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਬਾਦਲ ਵਲੋਂ 248 ਵਿਦਿਆਰਥੀਆਂ ਨੂੰ ਤਿੰਨ ਵੱਖ - ਵੱਖ ਦੋ ਰੋਜ਼ਾ ਵਿਦਿਅਕ ਤੇ ਇਤਿਹਾਸਕ ਟੂਰਾਂ ’ ਤੇ ਲਿਜਾਇਆ ਗਿਆ । ਸਾਬਕਾ ਮੁੱਖ ਮੰਤਰੀ ਅਤੇ ਸਕੂਲ ਦੇ ਬਾਨੀ ਸਵ .
ਮੰਡੀ ਕਿੱਲਿਆਂਵਾਲੀ , 18 ਨਵੰਬਰ ( ਇਕਬਾਲ ਸਿੰਘ ਸ਼ਾਂਤ )- ਬਾਲ ਦਿਵਸ ਮੌਕੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਬਾਦਲ ਵਲੋਂ 248 ਵਿਦਿਆਰਥੀਆਂ ਨੂੰ ਤਿੰਨ ਵੱਖ - ਵੱਖ ਦੋ ਰੋਜ਼ਾ ਵਿਦਿਅਕ ਤੇ ਇਤਿਹਾਸਕ ਟੂਰਾਂ ’ ਤੇ ਲਿਜਾਇਆ ਗਿਆ । ਸਾਬਕਾ ਮੁੱਖ ਮੰਤਰੀ ਅਤੇ ਸਕੂਲ ਦੇ ਬਾਨੀ ਸਵ . ਪ੍ਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਇਨ੍ਹਾਂ ਟੂਰਾਂ ਦਾ ਆਰਥਿਕ ਉਪਰਾਲਾ ਸੁਖਬੀਰ ਸਿੰਘ ਬਾਦਲ ਦੀ ਸਪੁੱਤਰੀ ਹਰਕੀਰਤ ਕੌਰ ਬਾਦਲ ਵਲੋਂ ਕੀਤਾ ਗਿਆ । ਪ੍ਰਿੰਸੀਪਲ ਰਿਤੂ ਨੰਦਾ ਨੇ ਦੱਸਿਆ ਕਿ 6 ਵੀਂ ਤੋਂ 12 ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਅਕਾਲ ਤਖ਼ਤ ਸਾਹਿਬ , ਬੁੰਗਾ ਰਾਮਗੜ੍ਹੀਆ , ਬਾਬਾ ਬੁੱਢਾ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ । ਉਨ੍ਹਾਂ ਨੂੰ ਇਨ੍ਹਾਂ ਅਸਥਾਨਾਂ ਦੇ ਇਤਿਹਾਸ ਤੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ । 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਅਤੇ ਵਿਰਾਸਤ - ਏ - ਖ਼ਾਲਸਾ ਦਾ ਦੌਰਾ ਕੀਤਾ । ਇੱਥੇ ਉਨ੍ਹਾਂ ਸਿੱਖ ਧਰਮ ਦੇ ਇਤਿਹਾਸ , ਖ਼ਾਲਸਾ ਪੰਥ ਦੀ ਸਾਜਨਾ ਤੇ ਪੰਜਾਬ ਦੀ ਵਿਰਾਸਤ ’ ਤੇ ਆਧਾਰਤ ਪ੍ਰਦਰਸ਼ਨੀਆਂ ਦੇਖੀਆਂ । ਚੱਪੜਚਿੜੀ ਵਿਖੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਲੜੀ ਗਈ ਇਤਿਹਾਸਕ ਜੰਗ ਬਾਰੇ ਜਾਣਕਾਰੀ ਦਿੱਤੀ ਗਈ । ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਬਠਿੰਡਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਦਾ ਦੌਰਾ ਕੀਤਾ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ । ਇਸ ਦੌਰਾਨ ਉਨ੍ਹਾਂ ਕਿਲ੍ਹੇ ਦੇ ਇਤਿਹਾਸ ਤੇ ਵਾਸਤੂਕਲਾ ਬਾਰੇ ਜਾਣਕਾਰੀ ਹਾਸਿਲ ਕੀਤੀ । ਟੂਰਾਂ ਦੀ ਸਫ਼ਲਤਾ ਲਈ ਪ੍ਰਿੰਸੀਪਲ ਨੇ ਜਨਰਲ ਸਕੱਤਰ ਗੁਰਚਰਨ ਸਿੰਘ , ਕੈਂਪਸ ਡਾਇਰੈਕਟਰ ਕਰਨਲ ਸੁਧਾਂਸ਼ੂ ਆਰੀਆ ( ਸੇਵਾ ਮੁਕਤ ), ਸਮੂਹ ਸਟਾਫ਼ , ਮਾਪਿਆਂ ਅਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ ।