ਪਰਾਲੀ ਦੇ ਸੰਘਣੇ ਧੂੰਏਂ ਕਾਰਨ ਤਲਵੰਡੀ ਸਾਬੋ ਰੋਡ ’ਤੇ ਸੜਕ ਹਾਦਸਿਆਂ ਦਾ ਖ਼ਤਰਾ ਵਧਿਆ
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)-ਇਲਾਕੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਤਲਵੰਡੀ ਸਾਬੋ ਰੋਡ ਸਮੇਤ ਆਸ-ਪਾਸ ਦੇ ਰਸਤਿਆਂ ’ਤੇ ਸੰਘਣੇ ਧੂੰਏਂ ਦੀ ਚਾਦਰ ਪੱਸਰ ਗਈ ਹੈ। ਇਸ ਕਾਰਨ ਸੜਕਾਂ ’ਤੇ ਆਵਾਜਾਈ ਕਰਨ ਵਾਲੇ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ।
ਤ
ਤਲਵੰਡੀ ਸਾਬੋ ਰੋਡ ’ਤੇ ਫੈਲੇ ਸੰਘਣੇ ਧੂੰਏਂ ਦੀ ਤਸਵੀਰ। ਤਸਵੀਰ: ਸਿੰਗਲਾ
13-11-2026
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)-ਇਲਾਕੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਤਲਵੰਡੀ ਸਾਬੋ ਰੋਡ ਸਮੇਤ ਆਸ-ਪਾਸ ਦੇ ਰਸਤਿਆਂ ’ਤੇ ਸੰਘਣੇ ਧੂੰਏਂ ਦੀ ਚਾਦਰ ਪੱਸਰ ਗਈ ਹੈ। ਇਸ ਕਾਰਨ ਸੜਕਾਂ ’ਤੇ ਆਵਾਜਾਈ ਕਰਨ ਵਾਲੇ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ। ਧੂੰਏਂ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਦਿਨ ਵੇਲੇ ਵੀ ਸੂਰਜ ਦੀ ਚਮਕ ਫਿੱਕੀ ਪੈ ਰਹੀ ਹੈ ਅਤੇ ਆਸਮਾਨ ਵਿਚ ਧੁੰਦ ਵਰਗਾ ਮਾਹੌਲ ਬਣਿਆ ਹੋਇਆ ਹੈ। ਸੰਘਣੇ ਧੂੰਏਂ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਅੱਖਾਂ ਵਿਚ ਜਲਣ ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੜਕ ’ਤੇ ਦੂਰ ਤੱਕ ਦੇਖਣ ਵਿਚ ਮੁਸ਼ਕਿਲ ਆ ਰਹੀ ਹੈ। ਅਜਿਹੇ ਹਾਲਾਤ ਵਿਚ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਅਤੇ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਨੂੰ ਸਮੇਂ ਸਿਰ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦਿਨ ਵੇਲੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਬਦਲਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪਰਾਲੀ ਦੇ ਧੂੰਏਂ ਕਾਰਨ ਕਿਸੇ ਸੜਕ ਹਾਦਸੇ ਵਿਚ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਤੇ ਪੀੜ੍ਹਤਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।