ਸਾਦਿਕ, 16 ਸਤੰਬਰ (ਆਰ.ਐਸ.ਧੁੰਨਾ)-ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਦੀਆਂ ਵਿਦਿਆਰਥਣਾਂ ਨੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਜ਼ੋਨ ਸਾਦਿਕ (ਖੇਤਰ) ਵਿਚ ਵੱਡੀ ਸਫ਼ਲਤਾ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰੀਖਿਆ ਵਿਚ ਸਕੂਲ ਦੀਆਂ 4 ਹੋਣਹਾਰ ਵਿਦਿਆਰਥਣਾਂ ਮਨਕੀਰਤ ਕੌਰ, ਨਵਜੋਤ ਕੌਰ, ਸੁਖਵੀਰ ਕੌਰ ਅਤੇ ਕੋਮਨਪ੍ਰੀਤ ਕੌਰ ਬੇਗੂਵਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਦਿਕ ਖੇਤਰ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ ਸਕੂਲ ਦੀਆਂ 14 ਹੋਰ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਬਣਾ ਕੇ ਸੰਸਥਾ ਦਾ ਮਾਣ ਵਧਾਇਆ। ਸੰਸਥਾ ਦੇ ਚੇਅਰਮੈਨ ਪਰਗਟ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਦੀ ਕੁਸ਼ਲ ਅਗਵਾਈ ਅਤੇ ਪ੍ਰੇਰਣਾ ਸਦਕਾ ਹੀ ਬੱਚੇ ਇਸ ਮੁਕਾਮ ’ਤੇ ਪਹੁੰਚੇ ਹਨ। ਵਿਦਿਆਰਥੀਆਂ ਨੂੰ ਇਸ ਮੁਕਾਬਲੇ ਲਈ ਪ੍ਰਾਇਮਰੀ ਪੱਧਰ ’ਤੇ ਰੁਪਿੰਦਰ ਕੌਰ, ਮਿਡਲ ਦਰਜੇ ਵਿਚ ਹਰਮੀਤ ਸਿੰਘ ਅਤੇ ਸੀਨੀਅਰ ਸੈਕੰਡਰੀ ਦਰਜੇ ਵਿਚ ਗੁਰਸੇਵਕ ਸਿੰਘ ਵਲੋਂ ਬਹੁਤ ਹੀ ਲਗਨ ਅਤੇ ਸਖ਼ਤ ਮਿਹਨਤ ਨਾਲ ਤਿਆਰੀ ਕਰਵਾਈ ਗਈ। ਇਸ ਵੱਡੀ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਪਰਗਟ ਸਿੰਘ ਬੁੱਟਰ, ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ, ਸਰਬਜੀਤ ਕੌਰ ਬੁੱਟਰ, ਜਸਵੀਰ ਕੌਰ ਬੁੱਟਰ, ਮਨਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਤਿਆਰੀ ਕਰਵਾਉਣ ਵਾਲੇ ਸਮੂਹ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ।