ਮਨਦੀਪ ਸਿੰਘ ਖਰੌੜ
ਪਟਿਆਲਾ, 13 ਨਵੰਬਰ-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਦੂਜੀ ਸੂਚੀ ’ਚ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਟਿਆਲਾ ਹਲਕੇ ਦੇ ਬਾਕੀ ਵਿਧਾਇਕਾਂ ਨੇ ਸਰਕਾਰੇ ਦਰਬਾਰੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਮੁੜ ਤੋਂ ਟਿਕਟ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਟਿਆਲਾ ਜ਼ਿਲੇ ਦੇ 8 ਵਿਧਾਇਕਾਂ ’ਚੋਂ 6 ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਹੋਣਾ ਬਾਕੀ ਹੈ ਜਿਨਾਂ ’ਚੋਂ ਸਿਹਤ ਮੰਤਰੀ ਡਾ.
ਪਟਿਆਲਾ, 13 ਨਵੰਬਰ-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਦੂਜੀ ਸੂਚੀ ’ਚ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਟਿਆਲਾ ਹਲਕੇ ਦੇ ਬਾਕੀ ਵਿਧਾਇਕਾਂ ਨੇ ਸਰਕਾਰੇ ਦਰਬਾਰੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਮੁੜ ਤੋਂ ਟਿਕਟ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਟਿਆਲਾ ਜ਼ਿਲੇ ਦੇ 8 ਵਿਧਾਇਕਾਂ ’ਚੋਂ 6 ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਹੋਣਾ ਬਾਕੀ ਹੈ ਜਿਨਾਂ ’ਚੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਹੈ ਅਤੇ 5 ਵਿਧਾਇਕਾਂ ’ਚੋਂ ਕਈਆਂ ਦੀ ਟਿਕਟ ਕੱਟੇ ਜਾਣ ਬਾਰੇ ਦਸਿਆ ਜਾ ਰਿਹਾ ਹੈ। ਇਹ ਤਾਂ ਸਮਾਂ ਹੀ ਦਸੇਗਾ ਕਿ ਪਾਰਟੀ ਵਲੋਂ ਅੰਦਰੂਨੀ ਤੌਰ ’ਤੇ ਕਰਵਾਏ ਗਏ ਕਈ ਸਰਵਿਆਂ ’ਚ ਮੌਜੂਦਾ ਵਿਧਾਇਕਾਂ ਦੀ ਜ਼ਿਲਾ ਵਾਸੀਆਂ ਨੇ ਕੀ ਰਿਪੋਰਟ ਦਿੱਤੀ ਹੈ। ਇਸ ਦਾ ਵਿਸ਼ਲੇਸ਼ਣ ਤਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਹੀ ਕਰ ਰਹੀ ਹੈ ਪਰ ਆਮ ਲੋਕਾਂ ’ਚ ਵੀ ਇਹ ਚਰਚਾ ਹੈ ਕਿ ਇਸ ਵਾਰ ਜ਼ਿਲੇ ’ਚ 4 ਦੇ ਕਰੀਬ ਨਵੇਂ ਜਿੱਤਣਯੋਗ ਉਮੀਦਵਾਰਾਂ ਨੂੰ ‘ਆਪ’ ਮੈਦਾਨ ’ਚ ਉਤਾਰ ਸਕਦੀ ਹੈ। ਦੇਖਣਾ ਇਹ ਹੋਵੇਗਾ ਕਿ ਪਾਰਟੀ ਮੁੜ ਤੋਂ ਹਲਕਾ ਨਾਭਾ, ਸਮਾਣਾ, ਘਨੌਰ, ਰਾਜਪੁਰਾ ਤੇ ਸਨੌਰ ਤੋਂ ਕਿਸ ਨਵੇਂ ਉਮੀਦਵਾਰ ’ਤੇ ਦਾਅ ਲਗਾਏਗੀ ਜਾਂ ਪੁਰਾਣਿਆਂ ਨੂੰ ਟਿਕਟ ਦੇਵੇਗੀ। ਪਾਰਟੀ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਸਮਾਣਾ ਦੇ ਮੌਜੂਦਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸਤ ’ਚ ਨਿੱਜੀ ਤੇ ਰਾਜਨੀਤਕ ਹਿਤਾਂ ਤੋਂ ਇਲਾਵਾ ਕੁਝ ਵੀ ਪੱਕਾ ਨਹੀਂ ਹੁੰਦਾ। ਹੋ ਸਕਦਾ ਹੈ ਕਿ ਜਿਹੜੇ ਵਿਧਾਇਕਾਂ ਨੂੰ ਟਿਕਟ ਨਹੀਂ ਮਿਲੇਗੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਦੂਜੀਆਂ ਪਾਰਟੀਆਂ ’ਚ ਉਡਾਰੀ ਮਾਰ ਜਾਣ। ਇਹ ਵਰਤਾਰਾ ਤਾਂ ਸਿਆਸਤ ’ਚ ਆਮ ਜਿਹੀ ਗੱਲ ਹੋ ਗਈ ਹੈ। ਇਹ ਤਾਂ ਹੁਣ ਸਮਾਂ ਹੀ ਦਸੇਗਾ ਕਿ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰ ’ਤੇ ਆਪਣਾ ਸੱਟਾ ਖੇਡੇਗੀ? ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦਸਿਆ ਕਿ ‘ਆਪ’ ਨੇ ਉਮੀਦਵਾਰਾਂ ਦੀ ਸੂਚੀ ਐਲਾਨਣ ਤੋਂ ਪਹਿਲਾਂ ਕਈ ਸਰਵੇ ਕਰਵਾਏ ਸੀ ਤੇ ਉਨਾਂ ਸਰਵਿਆਂ ਸੰਬੰਧੀ ਜਾਣਕਾਰੀ ਵੀ ਮੌਜੂਦਾ ਵਿਧਾਇਕਾਂ ਨੂੰ ਦਿੱਤੀ ਗਈ ਕਿ ਉਹ ਲੋਕਾਂ ’ਚ ਆਪਣੀ ਛਵੀ ਅਤੇ ਕੰਮ ਕਰਨ ਦੇ ਤਰੀਕੇ ਨੂੰ ਸੁਧਾਰ ਲੈਣ। ਔਸਤਨ ਨਤੀਜਾ ਕੱਢਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦੇ ਰਹੀ ਹੈ।