ਵੀਹ ਸਾਲਾਂ ਤੋਂ ਲਟਕਦੀ ਨੈਣ ਕਲਾਂ,ਅਕੌਤ ਸੜਕ ਦੀ ਮੰਗ ਨੂੰ ਪਿਆ ਬੂਰ
ਭੁੱਨਰਹੇੜੀ, 19 ਅਗਸਤ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਦੇ ਵਸਨੀਕਾਂ ਦੀ ਕਰੀਬ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਸੜਕ ਚੌੜੀ ਕਰਨ ਦੀ ਮੰਗ ਆਖਿਰਕਾਰ ਪੂਰੀ ਹੋਣ ਵੱਲ ਵਧ ਗਈ ਹੈ। ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਹ
ਹਲਕਾ ਸਨੌਰ ਦੇ ਨੈਣ ਕਲਾਂ, ਅਕੌਤ, ਅਸਮਾਨਪੁਰ ਲਈ ਬਣ ਰਹੀ 18 ਫੁੱਟ ਚੌੜੀ ਲਿੰਕ ਸੜਕ ਦਾ ਦਿ੍ਸ਼। ਅਜੀਤ ਧਨਵੰਤ ਸਿੰਘ
20-08-2026
ਭੁੱਨਰਹੇੜੀ, 19 ਅਗਸਤ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਦੇ ਵਸਨੀਕਾਂ ਦੀ ਕਰੀਬ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਸੜਕ ਚੌੜੀ ਕਰਨ ਦੀ ਮੰਗ ਆਖਿਰਕਾਰ ਪੂਰੀ ਹੋਣ ਵੱਲ ਵਧ ਗਈ ਹੈ। ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਸੜਕ ਪਿਹੋਵਾ-ਦੇਵੀਗੜ੍ਹ ਮੁੱਖ ਮਾਰਗ ਤੋਂ ਅਕੌਤ, ਅਸਮਾਨਪੁਰ ਅਤੇ ਨੈਣ ਕਲਾਂ ਰਾਹੀਂ ਨੈਣਾਂ ਖੁਰਦ ਨੂੰ ਜੋੜਦਿਆਂ ਅੱਗੇ ਚੀਕਾ ਮੁੱਖ ਸੜਕ ਨਾਲ ਸੰਪਰਕ ਸਥਾਪਤ ਕਰਦੀ ਹੈ। ਸੜਕ ਦੇ ਚੌੜੀ ਕਰਨ ਨਾਲ ਇਸ ਰਸਤੇ ਨਾਲ ਜੁੜੇ ਕਈ ਪਿੰਡਾਂ ਦੇ ਲੋਕਾਂ ਲਈ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਸੜਕ ਦੀ ਮੌਜੂਦਾ ਘੱਟ ਚੌੜਾਈ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਦੋ ਵਾਹਨਾਂ ਦੇ ਆਹਮੋ-ਸਾਹਮਣੇ ਆ ਜਾਣ ’ਤੇ ਇਕ ਵਾਹਨ ਨੂੰ ਸੜਕ ਤੋਂ ਹੇਠਾਂ ਕਰਕੇ ਦੂਜੇ ਨੂੰ ਰਸਤਾ ਦੇਣਾ ਪੈਂਦਾ ਸੀ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਹੁਣ ਸੜਕ ਨੂੰ 18 ਫੁੱਟ ਚੌੜਾ ਕੀਤੇ ਜਾਣ ਨਾਲ ਆਵਾਜਾਈ ਦੀ ਇਹ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਆਸ ਹੈ। ਇਸ ਸੜਕ ਦੀ ਮਹੱਤਤਾ ਸਿਰਫ਼ ਰੋਜ਼ਾਨਾ ਆਵਾਜਾਈ ਤੱਕ ਸੀਮਤ ਨਹੀਂ, ਸਗੋਂ ਨੈਣ ਕਲਾਂ ਵਿਖੇ ਸਥਿਤ ਪ੍ਰਾਚੀਨ ਗੁੱਗਾ ਮਾੜੀ ਨਾਲ ਵੀ ਜੁੜੀ ਹੋਈ ਹੈ। ਧਾਰਮਿਕ ਆਸਥਾ ਦੇ ਇਸ ਪ੍ਰਮੁੱਖ ਕੇਂਦਰ ਵਿਖੇ ਵੱਖ-ਵੱਖ ਮੌਕਿਆਂ ’ਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ। ਧਾਰਮਿਕ ਸਮਾਗਮਾਂ ਦੌਰਾਨ ਵਾਹਨਾਂ ਦੀ ਗਿਣਤੀ ਵਧਣ ਕਾਰਨ ਪੈਦਾ ਹੋਣ ਵਾਲੀ ਆਵਾਜਾਈ ਦੀ ਸਮੱਸਿਆ ਨੂੰ ਵੀ ਸੜਕ ਦੇ ਚੌੜੀ ਕਰਨ ਨਾਲ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਹਲਕੇ ਦੇ ਪਿੰਡਾਂ ਵਿਚ ਲੰਮੇ ਸਮੇਂ ਤੋਂ ਚੱਲ ਰਹੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੈਣ ਕਲਾਂ ਦੀ ਇਹ ਮੰਗ ਵੀ ਅਮਲੀ ਰੂਪ ਧਾਰਨ ਕਰ ਗਈ ਹੈ। ਚੇਅਰਮੈਨ ਚਰਨਜੀਤ ਸਿੰਘ ਨੈਣਾ ਦਾ ਕਹਿਣਾ ਹੈ ਕਿ ਸੜਕ ਚੌੜੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਦੇ ਧਿਆਨ ਵਿਚ ਲਿਆਂਦੀ ਜਾਂਦੀ ਰਹੀ ਹੈ ਪਰ ਹੁਣ ਕੰਮ ਸ਼ੁਰੂ ਹੋਣ ਨਾਲ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਭਗਤ ਕਰਨੈਲ ਸਿੰਘ ਨੇ ਕਿਹਾ ਕਿ ਸਾਲਾਨਾ ਮੇਲੇ ਸਮੇਂ ਸੰਗਤ ਦੇ ਆਉਣ ਜਾਣ ਲਈ ਲਾਹੇਮੰਦ ਹੈ। ਜਸਵੰਤ ਸਿੰਘ ਅਕੌਤ ਨੇ ਦੱਸਿਆ ਕਿ ਸੜਕ ਦੀ ਤੰਗੀ ਕਾਰਨ ਖੇਤੀਬਾੜੀ ਨਾਲ ਸੰਬੰਧਿਤ ਵਾਹਨਾਂ, ਸਕੂਲੀ ਵਾਹਨਾਂ, ਆਮ ਰਾਹਗੀਰਾਂ ਅਤੇ ਹੋਰ ਆਵਾਜਾਈ ਨੂੰ ਮੁਸ਼ਕਲ ਆਉਂਦੀ ਸੀ। ਖ਼ਾਸ ਕਰਕੇ ਗੁੱਗਾ ਮਾੜੀ ਵਿਖੇ ਧਾਰਮਿਕ ਸਮਾਗਮਾਂ ਸਮੇਂ ਸੰਗਤ ਲਈ ਸਮੱਸਿਆ ਆਉਂਦੀ ਸੀ ਪਿੰਡ ਵਾਸੀਆਂ ਨੇ ਕਿਹਾ ਕਿ ਰਣਜੋਧ ਸਿੰਘ ਹਡਾਣਾ ਵਲੋਂ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਕੰਮ ਸ਼ੁਰੂ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਨੈਣ ਕਲਾਂ ਦੇ ਨਾਲ-ਨਾਲ ਅਕੌਤ, ਅਸਮਾਨਪੁਰ, ਨੈਣਾਂ ਖੁਰਦ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਸਿੱਧਾ ਲਾਭ ਮਿਲੇਗਾ। ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਪਿੰਡਾਂ ਵਿਚ ਜਿਹੜੀਆਂ ਵੀ ਜਾਇਜ਼ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ, ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮਕਸਦ ਪਿੰਡਾਂ ਦੇ ਸੰਪਰਕ ਮਾਰਗਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ।ਇਹ ਸੰਪਰਕ ਮਾਰਗ ਇਲਾਕੇ ਦੀ ਆਵਾਜਾਈ ਲਈ ਹੋਰ ਵੀ ਅਹਿਮ ਸਾਬਤ ਹੋਵੇਗੀ।