ਵਿੱਦਿਅਕ ਟੂਰ ਕਰਕੇ ਪਰਤੇ ਪੀ ਐਮ ਸ੍ਰੀ ਸਕੂਲ ਨੂਰਪੁਰ ਬੇਦੀ ਦੇ ਵਿਦਿਆਰਥੀ
ਨੂਰਪੁਰ ਬੇਦੀ, 25 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਵਿਦਿਆਰਥੀਆਂ ਨੂੰ ਇਤਿਹਾਸਕ, ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪੀ ਐਮ ਸ੍ਰੀ ਸ. ਸ.
ਨੂਰਪੁਰ ਬੇਦੀ, 25 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਵਿਦਿਆਰਥੀਆਂ ਨੂੰ ਇਤਿਹਾਸਕ, ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪੀ ਐਮ ਸ੍ਰੀ ਸ.ਸ.ਸ. ਸਕੂਲ ਨੂਰਪੁਰ ਬੇਦੀ ਦੇ 50 ਵਿਦਿਆਰਥੀਆਂ ਦਾ ਪੰਜ ਰੋਜ਼ਾ ਰਾਜਸਥਾਨ ਦਾ ਵਿੱਦਿਅਕ ਟੂਰ ਬੇਹੱਦ ਲਾਹੇਵੰਦ ਅਤੇ ਗਿਆਨ ਵਰਧਕ ਸਾਬਤ ਹੋਇਆ। ਇਸ ਟੂਰ ਦੌਰਾਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਾਜਸਥਾਨ ਦੇ ਵੱਖ ਵੱਖ ਸਥਾਨਾਂ ਦਾ ਦੌਰਾ ਕਰਕੇ ਉੱਥੋਂ ਦੇ ਸ਼ਾਨਦਾਰ ਇਤਿਹਾਸ ਅਤੇ ਅਮੀਰ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਟੂਰ ਪੀ ਐਮ ਸ੍ਰੀ ਸਕੀਮ ਤਹਿਤ ਪ੍ਰਾਪਤ ਹੋਈ ਗਰਾਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਬੀਕਾਨੇਰ ਵਿਖੇ ਪ੍ਰਸਿੱਧ ਜੂਨਾਗੜ੍ਹ ਕਿਲ੍ਹਾ, ਜੋਧਪੁਰ ਵਿਖੇ ਇਤਿਹਾਸਕ ਮਹਿਰਾਨਗੜ੍ਹ ਕਿਲ੍ਹਾ ਅਤੇ ਉਦੈਪੁਰ ਵਿਖੇ ਸ਼ਾਨਦਾਰ ਸਿਟੀ ਪੈਲੇਸ ਸਮੇਤ ਕਈ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਬਣਤਰ, ਕਲਾਕਾਰੀ, ਸ਼ਾਹੀ ਰਹਿਣ-ਸਹਿਣ ਅਤੇ ਇਤਿਹਾਸਕ ਮਹੱਤਤਾ ਬਾਰੇ ਜਾਣ ਕੇ ਵਿਦਿਆਰਥੀਆਂ ਨੇ ਕਾਫ਼ੀ ਕੁੱਝ ਨਵਾਂ ਸਿੱਖਿਆ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਮਾਂ ਰਾਜੀਵ ਕੁਮਾਰ, ਭੀਮ ਖ਼ਾਨ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।