ਦੋ ਥਾਰ ਗੱਡੀਆਂ ਦੀ ਟੱਕਰ ਕਾਰਨ ਦੋ ਦੋਸਤਾਂ ਦੀ ਮੌਤ , ਇਕ ਚਾਲਕ ਫ਼ਰਾਰ
ਜ਼ੀਰਕਪੁਰ, 16 ਨਵੰਬਰ (ਮਨਿੰਦਰ ਸਿੰਘ)- ਮੁਹਾਲੀ ਤੋਂ ਜ਼ੀਰਕਪੁਰ ਆਪਣੇ ਦੋਸਤ ਦੇ ਫਲੈਟ ‘ਤੇ ਜਾ ਰਹੇ ਚਾਰ ਨੌਜਵਾਨਾਂ ਵਿਚੋਂ ਦੋ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਐਰੋਸਿਟੀ ਦੇ ਜੀ-ਬਲਾਕ ਲਾਈਟ ਪੁਆਇੰਟ ਨੇੜੇ ਵਾਪਰਿਆ।
ਜ਼ੀਰਕਪੁਰ, 16 ਨਵੰਬਰ (ਮਨਿੰਦਰ ਸਿੰਘ)- ਮੁਹਾਲੀ ਤੋਂ ਜ਼ੀਰਕਪੁਰ ਆਪਣੇ ਦੋਸਤ ਦੇ ਫਲੈਟ ‘ਤੇ ਜਾ ਰਹੇ ਚਾਰ ਨੌਜਵਾਨਾਂ ਵਿਚੋਂ ਦੋ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਐਰੋਸਿਟੀ ਦੇ ਜੀ-ਬਲਾਕ ਲਾਈਟ ਪੁਆਇੰਟ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਦੋਸਤ ਜ਼ੀਰਕਪੁਰ ਜਾ ਰਹੇ ਸਨ। ਇਸ ਦੌਰਾਨ ਚੰਡੀਗੜ੍ਹ ਨੰਬਰ ਦੀ ਇਕ ਥਾਰ ਚਾਲਕ ਨੇ ਤੇਜ ਰਫ਼ਤਾਰ ਤੇ ਲਾਪਰਵਾਹੀ ਨਾਲ ਗੱਡੀ ਮੁੱਖ ਮਾਰਗ ‘ਤੇ ਚੜ੍ਹਾ ਦਿੱਤੀ ਜਿਸ ਕਾਰਨ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਗੱਡੀ ਵਿਚ ਲੱਗਿਆ ਤੇ ਦੋਵੇਂ ਨੌਜਵਾਨ ਸੜਕ ‘ਤੇ ਡਿੱਗ ਪਏ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਦੂਜੀ ਥਾਰ ਗੱਡੀ ਉਨ੍ਹਾਂ ਦੋਵਾਂ ਦੇ ਉੱਪਰ ਚੜ੍ਹ ਗਈ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਦੋਵਾਂ ਨੌਜਵਾਨਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸੈਕਟਰ-6 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਸਕਾਰ ਸੋਨੀ ਤੇ ਰੋਹਿਤ ਕੁਮਾਰ ਵਾਸੀ ਸੋਲਨ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕਾਂ ਦੇ ਦੋਸਤ ਸੂਰਿਆਂਸ਼ ਸ਼ਰਮਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਵੇਂ ਥਾਰ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਮਨਦੀਪ ਸਿੰਘ ਅਨੁਸਾਰ ਪੁਲਿਸ ਵਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਫ਼ਰਾਰ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।