ਮਹਾਂਪੁਰਸ਼ਾਂ , ਕਿਸਾਨਾਂ ਤੇ ਸਮਾਜਿਕ ਜਥੇਬੰਦੀਆਂ ਨੇ ਸੰਭਾਲੀ ਕਮਾਨ ਕਾਰੋਬਾਰ ਮੁੜ ਪੈਰਾਂ ਸਿਰ ਕਰਨ ਲਈ 2 ਲੱਖ 11 ਹਜ਼ਾਰ ਰੁਪਏ ਦੀ ਸਹਾਇਤਾ ਭੇਟ
ਰੂਪਨਗਰ, 25 ਅਕਤੂਬਰ (ਸਤਨਾਮ ਸਿੰਘ ਸੱਤੀ)-ਦੀਵਾਲੀ ਤੋਂ ਪਹਿਲਾਂ ਫੁੱਲਾਂ ਦੇ ਸਟਾਕ ਵਾਲੇ ਗੁਦਾਮਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਝੱਲਣ ਵਾਲੇ ਸਥਾਨਕ ਕਾਰੋਬਾਰੀ ਪ੍ਰਵੀਨ ਸਿੰਗਲਾ ਦੀ ਮਦਦ ਲਈ ਸੰਤ-ਮਹਾਂਪੁਰਸ਼ਾਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਨੇ ਹੱਥ ਵਧਾਇਆ ਹੈ। ਸੰਕਟ ਦੀ ਇਸ ਘੜੀ ਵਿਚ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੇ ਨਾਲ-ਨਾਲ ਉਸ ਦਾ ਕਾਰੋਬਾਰ ਮੁੜ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਰਾਹਤ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਗਿਆ ਹੈ।
ਰੂਪਨਗਰ, 25 ਅਕਤੂਬਰ (ਸਤਨਾਮ ਸਿੰਘ ਸੱਤੀ)-ਦੀਵਾਲੀ ਤੋਂ ਪਹਿਲਾਂ ਫੁੱਲਾਂ ਦੇ ਸਟਾਕ ਵਾਲੇ ਗੁਦਾਮਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਝੱਲਣ ਵਾਲੇ ਸਥਾਨਕ ਕਾਰੋਬਾਰੀ ਪ੍ਰਵੀਨ ਸਿੰਗਲਾ ਦੀ ਮਦਦ ਲਈ ਸੰਤ-ਮਹਾਂਪੁਰਸ਼ਾਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਨੇ ਹੱਥ ਵਧਾਇਆ ਹੈ। ਸੰਕਟ ਦੀ ਇਸ ਘੜੀ ਵਿਚ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੇ ਨਾਲ-ਨਾਲ ਉਸ ਦਾ ਕਾਰੋਬਾਰ ਮੁੜ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਰਾਹਤ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪਹਿਲੀ ਸਹਾਇਤਾ ਵਜੋਂ 2 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਸੌਂਪੀ ਗਈ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ ਤੇ ਕਰਨਵੀਰ ਸਿੰਘ ਵਲੋਂ ਪੀੜਤ ਕਾਰੋਬਾਰੀ ਦੀ ਮਦਦ ਲਈ ਰਾਹਤ ਮੁਹਿੰਮ ਸ਼ੁਰੂ ਕਰਨ ਦੀ ਪਹਿਲ ਕੀਤੀ ਗਈ। ਇਸ ਉਪਰਾਲੇ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਸੰਤ ਬਾਬਾ ਮਾਨ ਸਿੰਘ ਪਿਹੋਏ ਵਾਲਿਆਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਤੇ ਢਾਡੀ ਜਥੇ ਨੇ ਪਰਿਵਾਰ ਦੀ ਮਦਦ ਲਈ ਸਹਿਯੋਗ ਦਿੱਤਾ। 2 ਲੱਖ 11 ਹਜ਼ਾਰ ਰੁਪਏ ਦੀ ਸਹਾਇਤਾ ਭੇਟ- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਗਿਆਨੀ ਜਸਵੀਰ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਮਲਕੀਤ ਸਿੰਘ ਵਲੋਂ ਸਹਾਇਤਾ ਰਾਸ਼ੀ ਦਿੱਤੀ ਗਈ, ਜਦਕਿ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਵਲੋਂ ਵੀ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਤਰ੍ਹਾਂ ਕੁੱਲ 2 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਰਾਹਤ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਤੁਰੰਤ ਵਿੱਤੀ ਸਹਾਇਤਾ ਦੇਣਾ ਹੀ ਨਹੀਂ, ਸਗੋਂ ਪ੍ਰਵੀਨ ਸਿੰਗਲਾ ਨੂੰ ਇਸ ਵੱਡੇ ਆਰਥਿਕ ਸੰਕਟ ਵਿਚੋਂ ਉਭਾਰ ਕੇ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਅਤੇ ਉਸ ਦਾ ਕਾਰੋਬਾਰ ਮੁੜ ਚਾਲੂ ਕਰਵਾਉਣਾ ਹੈ। ਬੁੱਧਵਾਰ ਤੋਂ ਸ਼ਹਿਰ ਵਿਚ ਚੱਲੇਗੀ ਰਾਹਤ ਮੁਹਿੰਮ- ਗੌਰਵ ਰਾਣਾ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ 12.30 ਵਜੇ ਰੂਪਨਗਰ ਹੈਡਵਰਕਸ ਤੋਂ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜੋ ਕਰੀਬ ਦੋ ਦਿਨ ਸ਼ਹਿਰ ਵਿਚ ਚੱਲੇਗੀ। ਇਸ ਦੌਰਾਨ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਜੋੜ ਕੇ ਪੀੜਤ ਪਰਿਵਾਰ ਦੀ ਮਦਦ ਲਈ ਸਹਿਯੋਗ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ, ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ, ਤਾਂ ਜੋ ਕਰੋੜਾਂ ਦੇ ਨੁਕਸਾਨ ਕਾਰਨ ਸੰਕਟ ਵਿਚ ਘਿਰੇ ਪਰਿਵਾਰ ਨੂੰ ਮੁੜ ਕਾਰੋਬਾਰ ਸ਼ੁਰੂ ਕਰਨ ਵਿਚ ਸਹਾਰਾ ਮਿਲ ਸਕੇ।