ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ ਪੰਜ ਪਿਆਰੇ ਭਾਈ ਮੋਹਕਮ ਸਿੰਘ ਦੀ ਯਾਦ ’ ਚ ਬੂਟੇ ਲਗਾ ਕੇ ਮਨਾਇਆ ਵਣ ਮਹਾਂ ਉਤਸਵ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਕੀਤੀ ਸ਼ਮੂਲੀਅਤ
ਸ੍ਰੀ ਅਨੰਦਪੁਰ ਸਾਹਿਬ, 17 ਅਕਤੂਬਰ (ਜੇ. ਐਸ.
ਸ੍ਰੀ ਅਨੰਦਪੁਰ ਸਾਹਿਬ, 17 ਅਕਤੂਬਰ (ਜੇ.ਐਸ. ਨਿੱਕੂਵਾਲ)-ਇੱਥੋਂ ਦੇ ਪੰਜ ਪਿਆਰਾ ਪਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ ਪੰਜ ਪਿਆਰੇ ਭਾਈ ਮੋਹਕਮ ਸਿੰਘ ਦੀ ਯਾਦ ਵਿਚ ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਵਲੋਂ 1974 ਤੋਂ ਲਗਾਤਾਰ ਵਾਤਾਵਰਣ ਬਚਾਓ ਲਈ ਇੱਕ ਲਹਿਰ ਚਲਾਈ ਜਾ ਰਹੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉੱਨੀ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਬੂਟੇ ਲਗਾਉਣ ਤੋਂ ਬਾਅਦ ਇਹਨਾਂ ਦੀ ਸਾਂਭ ਸੰਭਾਲ ਲਈ ਵੀ ਵੱਡੇ ਪੱਧਰ ਤੇ ਯਤਨ ਕੀਤੇ ਜਾਂਦੇ ਹਨ ਜੋ ਕਿ ਹੋਰ ਵੀ ਵੱਡੀ ਗੱਲ ਹੈ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਨੂੰ ਅਪੀਲ ਕੀਤੀ ਕਿ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ ਇਸ ਲਈ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਉਨ੍ਹਾਂ ਦੀ ਸੰਭਾਲ ਨੂੰ ਯਕੀਨੀ ਬਣਾਓ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜ ਪਿਆਰਾ ਪਾਰਕ ਨੂੰ ਹਰਾ ਭਰਾ ਬਣਾਉਣ ਲਈ 2003 ਵਿਚ ਤਤਕਾਲੀ ਸੂਬਾ ਪੁਲਿਸ ਮੁਖੀ ਅਤੇ ਖੇਡਾਂ ਦੇ ਭੀਸ਼ਮ ਪਿਤਾਮਾ ਮਾਹਲ ਸਿੰਘ ਭੁੱਲਰ ਵਲੋਂ ਪਹਿਲਾ ਬੂਟਾ ਲਗਾਇਆ ਗਿਆ ਸੀ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਮੁਖੀ ਵਾਤਾਵਰਣ ਸੰਭਾਲ ਲਈ ਪੂਰੀ ਤਰ੍ਹਾਂ ਸੁਹਿਰਦ ਹਨ ਅਤੇ ਉਹ ਇਹਨਾਂ ਦੇ ਇਸ ਉਪਰਾਲੇ ਲਈ ਧੰਨਵਾਦ ਕਰਦੇ ਹਨ। ਅੰਤ ਵਿਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਅਸ਼ੋਕ ਸੈਣੀ, ਨੰਬਰਦਾਰ ਸੁਰਿੰਦਰ ਪਾਲ ਸਿੰਘ ਢੇਰ, ਮੈਨੇਜਰ ਗੁਰਚਰਨ ਸਿੰਘ ਮਾਂਗੇਵਾਲ, ਵਿੱਕੀ ਜੋਸ਼ੀ, ਜਗਤ ਰਾਮ, ਕੁਲਵੰਤ ਸਿੰਘ ਸੰਧੂ, ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ।