ਡਿਜੀਟਲ ਰੁਪਏ ਨਾਲ ਬਦਲੇਗਾ ਲੈਣ-ਦੇਣ ਦਾ ਅੰਦਾਜ਼, ਫ਼ੋਨ ਵਾਲਿਟ ਤੋਂ ਹੋਵੇਗਾ ਸਮਾਰਟ ਭੁਗਤਾਨ
ਰੂਪਨਗਰ, 5 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੀ ਗਈ ਡਿਜੀਟਲ ਮੁਦਰਾ, ਜਿਸ ਨੂੰ ‘ਈ ਡਿਜੀਟਲ ਰੁਪਿਆ’ ਕਿਹਾ ਜਾਂਦਾ ਹੈ, ਨੂੰ ਭਾਰਤੀ ਅਰਥਵਿਵਸਥਾ ਵਿਚ ਇਕ ਬਦਲਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਅਤੇ ਆਰ. ਬੀ.
ਰੂਪਨਗਰ, 5 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੀ ਗਈ ਡਿਜੀਟਲ ਮੁਦਰਾ, ਜਿਸ ਨੂੰ ‘ਈ ਡਿਜੀਟਲ ਰੁਪਿਆ’ ਕਿਹਾ ਜਾਂਦਾ ਹੈ, ਨੂੰ ਭਾਰਤੀ ਅਰਥਵਿਵਸਥਾ ਵਿਚ ਇਕ ਬਦਲਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਅਤੇ ਆਰ.ਬੀ.ਆਈ. ਵਲੋਂ ਵਟਸਐਪ ‘ਤੇ ਮੈਸੇਜ ਭੇਜੇ ਜਾਣ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਇਸ ਦੀ ਡਿਟੇਲ ਜਾਣਨ ਦੀ ਉਤਸੁਕਤਾ ਬਣੀ ਹੋਈ ਹੈ। ਇਹ ਰਵਾਇਤੀ ਕਾਗ਼ਜ਼ੀ ਨਕਦੀ ਦਾ ਹੀ ਇੱਕ ਆਧੁਨਿਕ ਤੇ ਡਿਜੀਟਲ ਰੂਪ ਹੈ, ਜੋ ਤੁਹਾਡੇ ਸਮਾਰਟ ਫ਼ੋਨ ਨੂੰ ਇੱਕ ਚੱਲਦੀ-ਫਿਰਦੀ ਡਿਜੀਟਲ ਜੇਬ ਜਾਂ ‘ਪਰਸ’ (ਵਾਲਿਟ) ਵਿਚ ਬਦਲ ਦਿੰਦਾ ਹੈ। ਬੈਂਕ ਅਧਿਕਾਰੀਆਂ ਅਨੁਸਾਰ ਜਦੋਂ ਅਸੀਂ ਯੂ.ਪੀ.ਆਈ. ਰਾਹੀਂ ਲੈਣ-ਦੇਣ ਕਰਦੇ ਹਾਂ, ਤਾਂ ਇਹ ਪ੍ਰਕਿਰਿਆ ਸਾਡੇ ਬੈਂਕ ਖਾਤੇ ਨਾਲ ਸਿੱਧੀ ਜੁੜੀ ਹੁੰਦੀ ਹੈ ਅਤੇ ਪੈਸਾ ਇੱਕ ਖਾਤੇ ਵਿਚੋਂ ਨਿਕਲ ਕੇ ਦੂਜੇ ਖਾਤੇ ਵਿਚ ਟਰਾਂਸਫ਼ਰ ਹੁੰਦਾ ਹੈ। ਇਸ ਦੇ ਉਲਟ, ਡਿਜੀਟਲ ਰੁਪਿਆ ਸਿੱਧੇ ਤੌਰ ‘ਤੇ ਆਰ.ਬੀ.ਆਈ. ਦੁਆਰਾ ਜਾਰੀ ਕੀਤਾ ਗਿਆ ਇੱਕ ‘ਡਿਜੀਟਲ ਨਕਦ’ ਹੈ, ਜੋ ਤੁਹਾਡੇ ਡਿਜੀਟਲ ਵਾਲਿਟ ਵਿਚ ਉਸੇ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ, ਜਿਵੇਂ ਕਿ ਤੁਹਾਡੀ ਅਸਲ ਜੇਬ ਵਿਚ ਨਕਦੀ ਰਹਿੰਦੀ ਹੈ। ਇਸ ਡਿਜੀਟਲ ਰੁਪਏ ਨੂੰ ਪ੍ਰਾਪਤ ਕਰਨ ਲਈ, ਤੁਸੀਂ ਆਪਣੇ ਬੈਂਕ ਦੀ ਅਧਿਕਾਰਤ ‘ਈ ਡਿਜੀਟਲ ਰੁਪਿਆ’ ਵਾਲਿਟ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਐਪ ਨੂੰ ਇੰਸਟਾਲ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਮੋਬਾਈਲ ਨੰਬਰ ਰਾਹੀਂ ਰਜਿਸਟਰ ਕਰਨਾ ਹੋਵੇਗਾ। ਇੱਕ ਵਾਰ ਰਜਿਸਟਰੇਸ਼ਨ ਸਫਲ ਹੋਣ ‘ਤੇ, ਤੁਸੀਂ ਆਪਣੇ ਬੈਂਕ ਖਾਤੇ ਵਿਚੋਂ ਰਾਸ਼ੀ ਕਟਵਾ ਕੇ ਡਿਜੀਟਲ ਰੁਪਏ ਨੂੰ ਆਪਣੇ ਵਾਲਿਟ ਵਿਚ ਲੋਡ ਕਰ ਸਕਦੇ ਹੋ। ਇਹ ਐਪ ਯੂ.ਪੀ.ਆਈ. ਸਮੇਤ ਸਾਰੇ ਕਿਊ. ਆਰ. ਕੋਡਾ ‘ਤੇ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੀ ਹੈ। ਕਿਸੇ ਵੀ ਦੁਕਾਨ ‘ਤੇ ਭੁਗਤਾਨ ਕਰਨ ਲਈ, ਤੁਸੀਂ ਸਿਰਫ਼ ਦੁਕਾਨਦਾਰ ਦੇ ਕਿਊ.ਆਰ ਕੋਡ ਨੂੰ ਸਕੈਨ ਕਰਨਾ ਹੈ। ਪਰ ਇਹ ਭੁਗਤਾਨ ਕਰਨ ਲਈ ਦੁਕਾਨਦਾਰ ਕੋਲ ਵੀ ਈ-ਵਾਲਿਟ ਦਾ ਹੋਣਾ ਜ਼ਰੂਰੀ ਹੈ, ਤਾਂ ਜੋ ਪੈਸੇ ਖਾਤਿਆਂ ਵਿਚੋਂ ਕੱਟਣ ਦੀ ਬਜਾਏ ਸਿੱਧੇ ਵਾਲਿਟ ਤੋਂ ਵਾਲਿਟ ਟਰਾਂਸਫ਼ਰ ਹੋ ਜਾਣ। ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਸ ਵਿਚ ਛੁੱਟੇ ਪੈਸਿਆਂ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਭਾਰਤ ਦੇ ਕੇਂਦਰੀ ਬੈਂਕ, ਆਰ.ਬੀ.ਆਈ. ਦੁਆਰਾ ਸਮਰਥਿਤ ਹੋਣ ਕਾਰਨ, ਇਹ ਲੈਣ-ਦੇਣ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਿਰਫ਼ ਇਕ ਫ਼ੋਨ ਵਾਲਿਟ ਤੇ ਡਿਜੀਟਲ ਰੁਪਏ ਨਾਲ ਕਿਤੇ ਵੀ ਭੁਗਤਾਨ ਕੀਤਾ ਜਾ ਸਕਦਾ ਹੈ।