ਖਾਣ-ਪੀਣ ਦੇ ਮਿਲਾਵਟੀ ਸਾਮਾਨ ਦੀ ਵਿਕਰੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਇਸ ਖੇਤਰ ’ਚ ਪਰਚੂਨ ਅਤੇ ਥੋਕ ਦੀਆਂ ਦੁਕਾਨਾਂ ਤੋਂ ਖਾਣ-ਪੀਣ ਦੀਆਂ ਮਿਲਾਵਟੀ ਵਸਤਾਂ ਦੀ ਵਿੱਕਰੀ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਇਸੇ ਤਰ੍ਹਾਂ ਇਨ੍ਹਾਂ ਵਸਤਾਂ ਦੇ ਰੇਟ ਵੀ ਵੱਖ-ਵੱਖ ਥਾਵਾਂ ’ਤੇ ਵੱਖਰੇ ਹੋਣ ਕਾਰਨ ਲੋਕਾਂ ਦੀ ਖ਼ਰੀਦ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਹੈ।
ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਇਸ ਖੇਤਰ ’ਚ ਪਰਚੂਨ ਅਤੇ ਥੋਕ ਦੀਆਂ ਦੁਕਾਨਾਂ ਤੋਂ ਖਾਣ-ਪੀਣ ਦੀਆਂ ਮਿਲਾਵਟੀ ਵਸਤਾਂ ਦੀ ਵਿੱਕਰੀ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਇਸੇ ਤਰ੍ਹਾਂ ਇਨ੍ਹਾਂ ਵਸਤਾਂ ਦੇ ਰੇਟ ਵੀ ਵੱਖ-ਵੱਖ ਥਾਵਾਂ ’ਤੇ ਵੱਖਰੇ ਹੋਣ ਕਾਰਨ ਲੋਕਾਂ ਦੀ ਖ਼ਰੀਦ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਹੈ। ਖ਼ਾਸ ਕਰ ਕੇ ਪਿੰਡਾਂ ਦੀਆਂ ਹੱਟੀਆਂ ’ਤੇ ਤਾਂ ਨਕਲੀ ਵਸਤਾਂ ਵਿਕਦੀਆਂ ਹਨ। ਪੇਂਡੂ ਲੋਕ ਆਪਣੀ ਰਸੋਈ ’ਚ ਗੁੜ, ਚਾਹ, ਸਾਬਣ, ਦਾਲਾਂ, ਘਿਓ, ਮਸਾਲੇ, ਹਲਦੀ, ਲੂਣ, ਮਿਰਚ, ਖਲ, ਵੜੇਵੇਂ ਆਦਿ ਖਾਣ-ਪੀਣ ਦੀਆਂ ਵਸਤਾਂ ਖ਼ਰੀਦਦੇ ਹਨ। ਸਥਾਨਕ ਪੱਧਰ ’ਤੇ ਲੋਕਾਂ ਵਲੋਂ ਗੰਨੇ ਦੀ ਕਾਸ਼ਤ ਨਾ ਕੀਤੇ ਜਾਣ ਕਰ ਕੇ ਗੁੜ ਤੇ ਖੰਡ ਮੁੱਲ ਖ਼ਰੀਦਣੀ ਪੈਂਦੀ ਹੈ। ਇਸ ਵਾਰ ਗੁੜ ਕਈ ਕਿਸਮਾਂ ’ਚ ਆ ਰਿਹਾ ਹੈ। ਕਹਿਣ ਨੂੰ ਪਤਾਸ਼ਾ ਗੁੜ ਕਾਫ਼ੀ ਮਹਿੰਗੇ ਭਾਅ ਖ਼ਰੀਦ ਕੇ ਵਰਤਦੇ ਹਨ, ਜੋ ਕੁਝ ਦਿਨਾਂ ਬਾਅਦ ਚਿੱਟੇ ਰੰਗ ’ਚ ਬਦਲ ਜਾਂਦਾ ਹੈ। ਲੋਕ ਇਸ ਨੂੰ ਮਸਾਲੇ ਵਾਲਾ ਗੁੜ ਆਖਦੇ ਹਨ। ਇਸੇ ਤਰ੍ਹਾਂ ਮੋਟੀ ਤੇ ਸਲਫਰ ਵਾਲੀ ਖੰਡ ਆਮ ਗ੍ਰਾਹਕਾਂ ਨੂੰ ਵੇਚੀ ਜਾਂਦੀ ਹੈ। ਇਸ ਤਰ੍ਹਾਂ ਚਾਹ ਪੱਤੀ ਵੀ ਕਾਫ਼ੀ ਕਿਸਮਾਂ ਦੀ ਆਉਂਦੀ ਹੈ, ਜਿਸ ਦਾ ਸਵਾਦ ਸਹੀ ਨਹੀਂ ਹੁੰਦਾ। ਚੰਗੀ ਚਾਹ ਨੂੰ ਹਲਦੀਵਾੜੀ ਦਾ ਨਾਂਅ ਦਿੱਤਾ ਹੋਇਆ ਹੈ ਪਰ ਇਹ ਸਾਧਾਰਨ ਪੱਤੀ ਹੁੰਦੀ ਹੈ। ਇੱਥੋਂ ਤੱਕ ਕਿ ਹਲਦੀ, ਮਸਾਲੇ ਅਤੇ ਦਾਲਾਂ, ਮਿਰਚ ਆਦਿ ਵਿਚ ਵੀ ਮਿਲਾਵਟ ਹੁੰਦੀ ਹੈ । ਖੇਤਰ ਵਿਚ ਪੀਣ ਵਾਲਾ ਪਾਣੀ ਸਹੀ ਨਾ ਹੋਣ ਕਰ ਕੇ ਅਤੇ ਕਰਿਆਨਾ, ਬਸਾਤੀ ਸਮੇਤ ਹੋਰ ਦੁਕਾਨਾਂ ਦੇ ਨਕਲੀ ਸਮਾਨ ਤੋਂ ਲੋਕ ਅੱਕੇ ਪਏ ਹਨ। ਕਦੇ ਵੀ ਸਬੰਧਿਤ ਵਿਭਾਗ ਨੇ ਵਸਤਾਂ ਦੇ ਨਮੂਨੇ ਨਹੀਂ ਲਏ। ਲੋਕਾਂ ਦੀ ਮੰਗ ਹੈ ਕਿ ਦੁਕਾਨਾਂ ’ਤੇ ਵਸਤਾਂ ਦੇ ਭਾਅ ਲਿਖ ਕੇ ਲਾਏ ਜਾਣ ਅਤੇ ਮਿਲਾਵਟ ਬੰਦ ਕਰਵਾਈ ਜਾਵੇ।