ਪਿੰਡ ਸੋਹਾਲੀ ਦੇ 350 ਪਰਿਵਾਰਾਂ ਨੂੰ ਗੋਲਡੀ ਵਲੋਂ ਸੌਂਪੇ ਮਾਲਕੀ ਹੱਕ ਦੇ ਦਸਤਾਵੇਜ਼
ਮੁੱਲਾਂਪੁਰ ਗਰੀਬਦਾਸ, 28 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਜਨਹਿਤੈਸ਼ੀ ਯੋਜਨਾ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਸੋਹਾਲੀ ਦੇ ਕਰੀਬ 350 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸੰਬੰਧਿਤ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਗਏ। ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਮਾਲਕੀ ਹੱਕ ਦੇ ਦਸਤਾਵੇਜ਼ ਵੰਡੇ ਗਏ।
ਮੁੱਲਾਂਪੁਰ ਗਰੀਬਦਾਸ, 28 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਜਨਹਿਤੈਸ਼ੀ ਯੋਜਨਾ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਸੋਹਾਲੀ ਦੇ ਕਰੀਬ 350 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸੰਬੰਧਿਤ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਗਏ। ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਮਾਲਕੀ ਹੱਕ ਦੇ ਦਸਤਾਵੇਜ਼ ਵੰਡੇ ਗਏ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਰਾਹੀਂ ਲਾਲ ਡੋਰੇ (ਆਬਾਦੀ ਦੇਹ) ਦੇ ਖੇਤਰ ਵਿਚ ਲੰਬੇ ਸਮੇਂ ਤੋਂ ਆਪਣੇ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਪੱਕੇ ਮਾਲਕੀ ਹੱਕ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਦੇ ਦਸਤਾਵੇਜ਼ ਮਿਲਣ ਨਾਲ ਪਰਿਵਾਰਾਂ ਨੂੰ ਆਪਣੀ ਜਾਇਦਾਦ ਸੰਬੰਧੀ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਲੋੜ ਪੈਣ ‘ਤੇ ਉਹ ਬੈਂਕ ਕਰਜ਼ੇ ਸਮੇਤ ਹੋਰ ਵਿੱਤੀ ਸਹੂਲਤਾਂ ਪ੍ਰਾਪਤ ਕਰਨ ਲਈ ਵੀ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਣਗੇ। ਚੇਅਰਮੈਨ ਗੋਲਡੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਪਿੰਡਾਂ ਦੇ ਵਸਨੀਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਿਲ ਹੈ। ਇਸ ਮੌਕੇ ਅਨਮੋਲ ਸਿੰਘ ਪਟਵਾਰੀ, ਹਰਜਿੰਦਰ ਸਿੰਘ ਨੰਬਰਦਾਰ, ਗੁਰਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਬਲਾਕ ਪ੍ਰਧਾਨ, ਬਲਿਹਾਰ ਸਿੰਘ ਪੰਚ, ਗੁਰਚਰਨ ਸਿੰਘ ਅਤੇ ਗਗਨਦੀਪ ਕੌਰ ਪੰਚ ਸਮੇਤ ਪਿੰਡ ਸੋਹਾਲੀ ਦੇ ਵਸਨੀਕ, ਲਾਭਪਾਤਰੀ ਪਰਿਵਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।