ਏ. ਟੀ. ਐੱਸ. ਵੈਲੀ ਸਕੂਲ ਦਾ ਸਾਲਾਨਾ ਸਮਾਗਮ ‘ਸਾਂਝ-2026’ ਯਾਦਗਾਰੀ ਹੋ ਨਿੱਬੜਿਆ
ਡੇਰਾਬੱਸੀ, 26 ਨਵੰਬਰ (ਰਣਬੀਰ ਸਿੰਘ ਪੜ੍ਹੀ)-ਏ. ਟੀ.
ਡੇਰਾਬੱਸੀ, 26 ਨਵੰਬਰ (ਰਣਬੀਰ ਸਿੰਘ ਪੜ੍ਹੀ)-ਏ. ਟੀ. ਐੱਸ. ਵੈਲੀ ਸਕੂਲ ਡੇਰਾਬੱਸੀ ਵਿਖੇ ‘ਸਾਂਝ-2026 ਜਿਥੇ ਦਿਲ ਮਿਲਦੇ ਹਨ’ ਵਿਸ਼ੇ ਤਹਿਤ ਕਰਵਾਇਆ। ਸਾਲਾਨਾ ਸੱਭਿਆਚਾਰਕ ਸਮਾਗਮ ਕਲਾ, ਸੰਗੀਤ ਤੇ ਪਰਿਵਾਰਕ ਕਦਰਾਂ-ਕੀਮਤਾਂ ਦਾ ਸੁੰਦਰ ਸੁਮੇਲ ਹੋ ਨਿੱਬੜਿਆ। ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਜਿਥੇ ਦਰਸ਼ਕਾਂ ਦਾ ਮਨ ਮੋਹ ਲਿਆ, ਉਥੇ ਆਪਸੀ ਪਿਆਰ, ਸਾਂਝ ਤੇ ਰਿਸ਼ਤਿਆਂ ਦੀ ਅਹਿਮੀਅਤ ਦਾ ਪ੍ਰਭਾਵਸ਼ਾਲੀ ਸੁਨੇਹਾ ਵੀ ਦਿੱਤਾ। ਸਮਾਗਮ ਵਿਚ ਲੈਫਟੀਨੈਂਟ ਜਨਰਲ ਪੀ. ਐੱਸ. ਮਹਿਤਾ ਨੇ ਮੁੱਖ ਮਹਿਮਾਨ ਤੇ ਦੂਨ ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਸਿਮਰਿਤਾ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਵਿਸ਼ਾਲ ਨਾਟਕੀ ਮੰਚਨ ਰਿਹਾ, ਜਿਸ ਵਿਚ ਸਿੱਧੇ ਸੰਗੀਤਕ ਸਾਜ਼ਾਂ ਦੀਆਂ ਧੁਨਾਂ, ਪ੍ਰਭਾਵਸ਼ਾਲੀ ਅਦਾਕਾਰੀ ਅਤੇ ਰੰਗ-ਬਿਰੰਗੇ ਨ੍ਰਿਤ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚ ਦੀ ਸੁੰਦਰ ਸਜਾਵਟ, ਰੌਸ਼ਨੀ ਦੇ ਵਿਸ਼ੇਸ਼ ਪ੍ਰਭਾਵ ਅਤੇ ਕਲਾਕਾਰਾਂ ਦੇ ਆਪਸੀ ਤਾਲਮੇਲ ਨੇ ਪੇਸ਼ਕਾਰੀ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਨੀਤਾ ਜੌਹਰ ਨੇ ‘ਸਾਂਝ’ ਦੇ ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਪਰਿਵਾਰਕ ਰਿਸ਼ਤੇ, ਆਪਸੀ ਵਿਸ਼ਵਾਸ ਅਤੇ ਇਕਜੁੱਟਤਾ ਹੀ ਸਮਾਜ ਦੀ ਅਸਲ ਤਾਕਤ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਅੰਦਰ ਮਨੁੱਖੀ ਕਦਰਾਂ-ਕੀਮਤਾਂ ਤੇ ਸਿਰਜਣਾਤਮਕ ਸੋਚ ਵਿਕਸਿਤ ਕਰਨਾ ਵੀ ਹੈ। ਸਕੂਲ ਦੀ ਪ੍ਰਿੰਸੀਪਲ ਨੀਨਾ ਪਾਂਡੇ ਨੇ ਸਮਾਗਮ ਦੀ ਸਫ਼ਲਤਾ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਰਗਦਰਸ਼ਕਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਅੰਦਰ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਦੇ ਹਨ। ਸਮਾਗਮ ਦੀ ਸਮਾਪਤੀ ਯਾਦਗਾਰੀ ਪਲਾਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਨਾਲ ਹੋਈ।