ਵਟਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਣ ਕੇ 1.96 ਕਰੋੜ ਦੀ ਠੱਗੀ, ਹੋਰ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 26 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਵਾਟਸਐਪ ਰਾਹੀਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਪਛਾਣ ਧਾਰਨ ਕਰਕੇ 1. 96 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ, 26 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਵਾਟਸਐਪ ਰਾਹੀਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਪਛਾਣ ਧਾਰਨ ਕਰਕੇ 1.96 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਨੀਤ ਚਸਕਰ (34) ਵਾਸੀ ਹਰਿਦੁਆਰ (ਉੱਤਰਾਖੰਡ) ਵਜੋਂ ਹੋਈ ਹੈ। ਇਸ ਮਾਮਲੇ ਵਿਚ ਪਹਿਲਾ ਹਰਸ਼ ਸ਼ਰਮਾ ਨੂੰ ਵੀ ਪੁਲਿਸ ਨੇ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਕਥਿਤ ਤੌਰ ’ਤੇ ਠੱਗੀ ਦੀ ਰਕਮ ਨੂੰ ਬੈਂਕ ਖਾਤਿਆਂ ਰਾਹੀਂ ਅੱਗੇ ਭੇਜਣ ਅਤੇ ਨਕਦੀ ਕਢਵਾਉਣ ਦੇ ਨੈੱਟਵਰਕ ਨਾਲ ਜੁੜੇ ਹੋਏ ਸਨ। ਪੁਲਿਸ ਅਨੁਸਾਰ ਇਸ ਸੰਬੰਧੀ 17 ਅਪ੍ਰੈਲ 2026 ਨੂੰ ਥਾਣਾ ਸਾਈਬਰ ਕ੍ਰਾਈਮ ਚੰਡੀਗੜ੍ਹ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਸਾਈਬਰ ਠੱਗ ਨੇ ਕੰਪਨੀ ਦੇ ਅਕਾਊਂਟ ਅਫ਼ਸਰ ਨੂੰ ਵਟਸਐਪ ਰਾਹੀਂ ਸੰਪਰਕ ਕਰਕੇ ਆਪਣੇ ਆਪ ਨੂੰ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਦੱਸਿਆ। ਮੁਲਜ਼ਮ ਨੇ ਡਾਇਰੈਕਟਰ ਦੀ ਪ੍ਰੋਫਾਈਲ ਫ਼ੋਟੋ ਦੀ ਵਰਤੋਂ ਕਰਦਿਆਂ ਅਕਾਊਂਟ ਅਫ਼ਸਰ ਨੂੰ 1.96 ਕਰੋੜ ਰੁਪਏ ਨੋਇਡਾ ਸਥਿਤ ਇਕ ਬੈਂਕ ਖਾਤੇ ਵਿਚ ਟਰਾਂਸਫ਼ਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਤਰ੍ਹਾਂ ਕੰਪਨੀ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ। ਇਸ ਮਾਮਲੇ ਵਿਚ ਪੁਲਿਸ ਪਹਿਲਾਂ ਹੀ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਦੀ ਪਛਾਣ ਦਿਨੇਸ਼ ਭਾਟੀ ਉਰਫ਼ ਅਰਵਿੰਦ ਚੌਧਰੀ, ਕੁਲਦੀਪ ਉਰਫ਼ ਬੰਟੂ ਸਿੰਘ, ਅੰਕਿਤ ਕੁਮਾਰ, ਉੱਜਵਲ ਤਿਆਗੀ, ਨਿਤੇਸ਼ ਤੇ ਵੰਸ਼ ਗੁਪਤਾ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ’ਚੋਂ 13 ਲੱਖ ਰੁਪਏ ਹਰਿਦੁਆਰ ਦੇ ਇਕ ਵਿਅਕਤੀ ਦੇ ਬੈਂਕ ਖਾਤੇ ਵਿਚ ਦੂਜੀ ਪਰਤ ਵਜੋਂ ਟਰਾਂਸਫਰ ਕੀਤੇ ਗਏ ਸਨ, ਜਿਸ ਨੂੰ ਚੈੱਕ ਰਾਹੀਂ ਕਢਵਾਇਆ ਗਿਆ ਸੀ। ਖਾਤਾ ਧਾਰਕ ਨੇ ਜਾਂਚ ਦੌਰਾਨ ਦੱਸਿਆ ਕਿ ਅਪ੍ਰੈਲ 2026 ਵਿਚ ਵਿਨੀਤ ਚਸਕਰ ਅਤੇ ਉਸ ਦੇ ਸਾਥੀ ਹਰਸ਼ ਸ਼ਰਮਾ ਨੇ ਉਸ ਨੂੰ 50 ਹਜ਼ਾਰ ਰੁਪਏ ਦਾ ਕਰਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਬੈਂਕ ਖਾਤਾ ਵਰਤਣ ਲਈ ਲਿਆ ਸੀ। ਖਾਤੇ ’ਚ 15 ਅਪ੍ਰੈਲ ਨੂੰ ਰਕਮ ਆਉਣ ਤੋਂ ਬਾਅਦ ਉਸ ਨੇ ਚੈੱਕ ਰਾਹੀਂ ਪੈਸੇ ਕਢਵਾ ਕੇ ਹਰਸ਼ ਸ਼ਰਮਾ ਨੂੰ ਸੌਂਪ ਦਿੱਤੇ ਸਨ। ਪੁਲਿਸ ਅਨੁਸਾਰ ਹਰਸ਼ ਸ਼ਰਮਾ ਪਹਿਲਾਂ ਹੀ ਗੁਰੂਗ੍ਰਾਮ ਪੁਲਿਸ ਵਲੋਂ ਦਰਜ ਇਕ ਹੋਰ ਸਾਈਬਰ ਠੱਗੀ ਦੇ ਮਾਮਲੇ ਵਿਚ ਭੋਂਡਸੀ ਜੇਲ੍ਹ ਵਿਚ ਬੰਦ ਸੀ। ਉਸ ਨੂੰ 23 ਨਵੰਬਰ ਨੂੰ ਅਦਾਲਤ ਦੀ ਇਜਾਜ਼ਤ ਨਾਲ ਪੁੱਛਗਿੱਛ ਲਈ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਕਰੀਬ 12.50 ਲੱਖ ਰੁਪਏ ਹਰਿਦੁਆਰ ਵਿਖੇ ਵਿਨੀਤ ਚਸਕਰ ਤੇ ਇਕ ਹੋਰ ਸਾਥੀ ਨੂੰ ਸੌਂਪੇ ਸਨ, ਜਿਸ ਬਦਲੇ ਉਸ ਨੂੰ ਕਮਿਸ਼ਨ ਮਿਲਿਆ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ 24 ਨਵੰਬਰ ਨੂੰ ਹਰਸ਼ ਸ਼ਰਮਾ ਨੂੰ ਨਾਲ ਲੈ ਕੇ ਕਾਂਖਲ, ਹਰਿਦੁਆਰ ਵਿਖੇ ਛਾਪੇਮਾਰੀ ਕੀਤੀ ਅਤੇ ਵਿਨੀਤ ਚਸਕਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਗਰੋਹ ਦੇ ਮੈਂਬਰ ਵੱਖ-ਵੱਖ ਲੋਕਾਂ ਨੂੰ ਕਰਜ਼ਾ, ਕ੍ਰੈਡਿਟ ਕਾਰਡ ਜਾਂ ਕਮਿਸ਼ਨ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤੇ ਹਾਸਿਲ ਕਰਦੇ ਸਨ। ਇਨ੍ਹਾਂ ਖਾਤਿਆਂ ਵਿਚ ਠੱਗੀ ਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਚੈੱਕਾਂ ਰਾਹੀਂ ਨਕਦੀ ਕਢਵਾ ਕੇ ਗਰੋਹ ਦੇ ਮੁੱਖ ਸੰਚਾਲਕਾਂ ਤੱਕ ਪਹੁੰਚਾਈ ਜਾਂਦੀ ਸੀ। ਵਿਨੀਤ ਚਸਕਰ ਦੇ ਕਬਜ਼ੇ ਵਿਚੋਂ ਇਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਵਿਨੀਤ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਅਤੇ ਹਰਸ਼ ਸ਼ਰਮਾ ਗਰੋਹ ਦੇ ਮੁੱਖ ਸੰਚਾਲਕ ਦੇ ਅਧੀਨ ਕੰਮ ਕਰਦੇ ਸਨ ਅਤੇ ਉਹ ਉਸ ਦੇ ਟਿਕਾਣੇ ਬਾਰੇ ਜਾਣਦਾ ਹੈ। ਦੋਵਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਗਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫ਼ਤਾਰੀ ਅਤੇ ਠੱਗੀ ਦੀ ਰਕਮ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਕੀਤੀ ਜਾ ਰਹੀ ਹੈ।