ਐੱਸ. ਏ. ਐੱਸ. ਨਗਰ, 21 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਹਾਲੀ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ ਗਿਆ। ਇਸ ਲੋਨ ਮੇਲੇ ‘ਚ ਲਗਭਗ 83 ਸੈਲਫ ਹੈਲਪ ਗਰੁੱਪਾਂ ਨੂੰ ਕਰਜਾ ਦਿੱਤਾ ਗਿਆ। ਇਸ ਮੌਕੇ ਏ. ਡੀ. ਸੀ. ਸੋਨਮ ਚੌਧਰੀ ਨੇ ਦੱਸਿਆ ਕਿ ਲਗਭਗ 4 ਕਰੋੜ ਰੁ. ਦੀ ਰਾਸ਼ੀ ਸੈਲਫ ਹੈਲਪ ਗਰੁੱਪਾਂ ਨੂੰ ਵੱਖ-ਵੱਖ ਕੰਮਾਂ ਜਿਵੇਂ ਕਿ ਸਿਲਾਈ ਦੇ ਕੰਮ, ਡੇਅਰੀ ਦੇ ਕੰਮ, ਬਿਊਟੀ ਪਾਰਲਰ, ਕੱਪੜਾ ਵੇਚਣ ਦੇ ਕੰਮ, ਜੂਟ ਦੇ ਕਾਰੋਬਾਰ, ਸ਼ਹਿਦ ਦੇ ਕੰਮ ਅਤੇ ਆਚਾਰ ਬਣਾ ਕੇ ਵੇਚਣ ਦੇ ਕੰਮ ਲਈ ਲੋਨ ਵਜੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲੋਨ ਮੇਲੇ ਦੌਰਾਨ ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੋਆਪ੍ਰੇਟਿਵ ਬੈਂਕ ਆਦਿ ਦੇ ਵੱਖ-ਵੱਖ ਪਿੰਡਾਂ ‘ਚ ਬਣੇ ਸੈਲਫ ਹੈਲਪ ਗਰੁੱਪਾਂ ਨੂੰ ਕਰਜੇ ਦੇ ਸ਼ੈਂਕਸ਼ਨ ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਪੀ. ਐਸ. ਆਰ. ਐਲ. ਸਕੀਮ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕਮਲਦੀਪ ਕੌਰ ਨੇ ਐਫ. ਆਈ. ਜ਼ਿਲ੍ਹਾ ਇੰਚਾਰਜ ਰੀਤਇੰਦਰ ਕੌਰ ਦਾ ਇਸ ਸ਼ਲਾਘਾਯੋਗ ਕਾਰਜ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਮੂਹ ਬੈਂਕ ਕਰਮਚਾਰੀ ਅਤੇ ਪੀ. ਐਸ. ਆਰ. ਐਲ. ਐਮ. ਦੇ ਸਮੂਹ ਕਰਮਚਾਰੀ ਵੀ ਹਾਜ਼ਰ ਸਨ।