ਸੀਵਰੇਜ ਦੇ ਪਾਣੀ ’ ਚ ਡੁੱਬੀ ਜ਼ੀਰਕਪੁਰ ਦੀ ਪੀ . ਆਰ -7 ਸੜਕ
ਜ਼ੀਰਕਪੁਰ, 9 ਅਕਤੂਬਰ (ਹੈਪੀ ਪੰਡਵਾਲਾ)- ਨਗਲਾ ਰੋਡ ਨੂੰ ਪੀ. ਆਰ.
ਜ਼ੀਰਕਪੁਰ, 9 ਅਕਤੂਬਰ (ਹੈਪੀ ਪੰਡਵਾਲਾ)- ਨਗਲਾ ਰੋਡ ਨੂੰ ਪੀ.ਆਰ.-7 ਨਾਲ ਜੋੜਨ ਵਾਲੀ ਸੜਕ ’ਤੇ ਕਰੀਬ ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਪ੍ਰਣਾਲੀ ਠੱਪ ਹੋਣ ਕਾਰਨ ਸੜਕ ਦੇ ਕਈ ਹਿੱਸਿਆਂ ‘ਚ ਛੱਪੜ ਵਰਗੇ ਹਾਲਾਤ ਬਣੇ ਹੋਏ ਹਨ। ਬਦਬੂਦਾਰ ਤੇ ਦੂਸ਼ਿਤ ਪਾਣੀ ਕਾਰਨ ਸੈਂਕੜੇ ਵਸਨੀਕਾਂ, ਸਕੂਲੀ ਬੱਚਿਆਂ, ਅਧਿਆਪਕਾਂ ਤੇ ਰਾਹਗੀਰਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਇਲਾਕੇ ਦੀਆਂ ਰਿਹਾਇਸ਼ੀ ਸੁਸਾਇਟੀਆਂ ਮੈਕਸਸ ਐਲਾਂਜ਼ਾ, ਐੱਲ ਸਪੇਸੀਆ ਤੇ ਐਸਕਾਨ ਅਰੀਨਾ ਦੇ ਵਸਨੀਕਾਂ ਨੇ ਅੱਜ ਹਲਕਾ ਵਿਧਾਇਕ ਤੇ ਕੌਂਸਲ ਪ੍ਰਧਾਨ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕਰਨ ਦੇ ਨਾਲ-ਨਾਲ ਨਗਲਾ ਲਿੰਕ ਸੜਕ ਅਤੇ ਪੀ.ਆਰ.-7 ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਵੀ ਕੀਤੀ। ਵਸਨੀਕਾਂ ਨੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਰਿਹਾਇਸ਼ੀ ਸੁਸਾਇਟੀਆਂ, ਸਕੂਲ ਤੇ ਵੱਡੇ ਵਪਾਰਕ ਅਦਾਰੇ ਹੋਣ ਕਾਰਨ ਇਥੇ ਆਵਾਜਾਈ ਕਾਫ਼ੀ ਜ਼ਿਆਦਾ ਰਹਿੰਦੀ ਹੈ। ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਸਕੂਲੀ ਬੱਸਾਂ, ਵੈਨਾਂ, ਕਾਰਾਂ, ਆਟੋ-ਰਿਕਸ਼ਿਆਂ ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸੜਕ ’ਤੇ ਬਣੇ ਟੋਏ ਗੰਦੇ ਪਾਣੀ ਵਿਚ ਡੁੱਬੇ ਹੋਣ ਕਾਰਨ ਦਿਖਾਈ ਨਹੀਂ ਦਿੰਦੇ, ਜਿਸ ਨਾਲ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਵਾਹਨਾਂ ਦੇ ਇੰਜਣਾਂ ਵਿਚ ਪਾਣੀ ਵੜਨ ਕਾਰਨ ਉਨ੍ਹਾਂ ਦੇ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ ਕੁਝ ਥਾਵਾਂ ’ਤੇ ਇੱਟਾਂ ਅਤੇ ਟਾਈਲਾਂ ਰੱਖ ਕੇ ਆਰਜ਼ੀ ਰਸਤੇ ਬਣਾਏ ਗਏ ਹਨ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਸੜਕ ’ਤੇ ਲੰਮੇ ਸਮੇਂ ਤੋਂ ਪਾਣੀ ਖੜ੍ਹਾ ਰਹਿਣ ਕਾਰਨ ਸਥਾਨਕ ਵਸਨੀਕਾਂ ਅਤੇ ਕਾਰੋਬਾਰੀਆਂ ‘ਚ ਆਉਣ ਵਾਲੇ ਦਿਨਾਂ ਦੌਰਾਨ ਸਮੱਸਿਆ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ। ਸੜਕ ਨੇੜੇ ਖੁੱਲ੍ਹੀ ਥਾਂ ’ਤੇ ਅਨਾਜ ਮੰਡੀ ਵੀ ਲੱਗਦੀ ਹੈ, ਜਿਥੇ ਝੋਨੇ ਦੀ ਖ਼ਰੀਦ ਸ਼ੁਰੂ ਹੋ ਰਹੀ ਹੈ। ਕਿਸਾਨਾਂ ਅਤੇ ਵਪਾਰੀਆਂ ਨੂੰ ਚਿੰਤਾ ਹੈ ਕਿ ਜੇਕਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਜਲਦੀ ਪ੍ਰਬੰਧ ਨਾ ਕੀਤਾ ਗਿਆ ਤਾਂ ਮੰਡੀ ਤੱਕ ਪਹੁੰਚਣ ਅਤੇ ਨੇੜਲੇ ਵਪਾਰਕ ਅਦਾਰਿਆਂ ਵਿਚ ਆਉਣ-ਜਾਣ ਸਮੇਂ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਬਤ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਅਗਲੇ 10 ਦਿਨਾਂ ਅੰਦਰ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਸੀਵਰੇਜ ਲਾਈਨ ਵਿਛਾਉਣ ਦੇ ਨਾਲ-ਨਾਲ ਸੜਕ ’ਤੇ ਨਵੇਂ ਸਿਰੇ ਤੋਂ ਲੁੱਕ ਪਾ ਕੇ ਇਸ ਨੂੰ ਠੀਕ ਕੀਤਾ ਜਾਵੇਗਾ।