ਐੱਸ. ਏ. ਐੱਸ. ਨਗਰ, 27 ਸਤੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਪੰਜਾਬ ਸਰਕਾਰ ਗਾਇਤਰੀ ਬਿਸ਼ਨੋਈ ਦੇ ਪਿਤਾ ਵਾਂਗ ਪੰਜਾਬ ਦੇ ਹੋਰਨਾਂ ਮਰੀਜਾਂ ਨੂੰ ਵੀ ਇਲਾਜ ਵਾਸਤੇ ਪੰਜਾਬ ਦੇ ਮੰਤਰੀਆ ਦੀਆਂ ਸਰਕਾਰੀ ਕੋਠੀਆਂ ਵਿਚ ਰੁਕਣ ਦੀ ਇਜਾਜਤ ਦੇਵੇਗੀ ਕਿਉਂਕਿ ਸੂਬੇ ਦੇ ਹਜ਼ਾਰਾਂ ਹੀ ਗਰੀਬ ਲੋਕ ਜੋ ਦੂਰ ਦੁਰਾਡੇ ਤੋਂ ਇਲਾਜ ਵਾਸਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਆਉਂਦੇ ਹਨ ਅਤੇ ਸਾਧਨਾਂ ਦੀ ਘਾਟ ਕਾਰਨ ਅਕਸਰ ਹੀ ਬਾਹਰ ਖੁੱਲ੍ਹੇ ਅਸਮਾਨ ਹੇਠ ਪਾਰਕਾਂ ਜਾਂ ਫੁੱਟਪਾਥਾਂ ‘ਤੇ ਰਾਤਾਂ ਗੁਜ਼ਾਰ ਦੇ ਹਨ। ਅੱਜ ਇਥੇ ਜਾਰੀ ਇਕ ਬਿਆਨ ਰਾਹੀ ਮੱਛਲੀ ਕਲਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗਾਇਤਰੀ ਬਿਸ਼ਨੋਈ ਦੇ ਮਾਮਲੇ ਵਿਚ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਪੰਜਾਬ ਤੋਂ ਬਾਹਰਲੇ ਲੋਕ ਪੰਜਾਬ ਦੇ ਮੰਤਰੀਆਂ ਦੇ ਸਰਕਾਰੀ ਘਰਾਂ ਵਿਚ ਰਹਿ ਕੇ ਸੁੱਖ ਸਹੂਲਤਾਂ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਗਰੀਬ ਮਰੀਜਾਂ ਦੇ ਠਹਿਰਣ ਵਾਸਤੇ ਵੀ ਮੰਤਰੀਆਂ ਦੇ ਘਰ ਖੁੱਲ੍ਹੇ ਹਨ ਤਾਂ ਉਹ ਇਸ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕਰਦੇ ਹਨ ਅਤੇ ਜੇਕਰ ਇਹ ਸਹੂਲਤ ਕੁੱਝ ਚੋਣਵੇਂ ਬਾਹਰਲੇ ਬੰਦਿਆਂ ਲਈ ਹੀ ਹੈ ਤਾਂ ਇਸ ਦੀ ਜਿੰਨੀ ਵੀ ਨਿੰਦਾ ਹੋ ਸਕੇ ਉਹ ਘੱਟ ਹੈ।