ਇਨਫਲੂਐਂਸਰ ਮਨਜੀਤ ਕੌਰ ਹੱਤਿਆ ਮਾਮਲਾ- ਮੁਲਜ਼ਮ ਪਰਮਿੰਦਰ ਸਿੰਘ ਉਰਫ ਪਿੰਦਾ ਦਾ 4 ਦਿਨਾ ਪੁਲਿਸ ਰਿਮਾਂਡ
ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ) – ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੇ ਅਗਵਾ ਤੇ ਹੱਤਿਆ ਮਾਮਲੇ ਦੀ ਜਾਂਚ ਦੌਰਾਨ ਵੱਡਾ ਖ਼ੁਲਾਸਾ ਹੋਇਆ ਹੈ। ਹੁਣ ਤੱਕ ਮਨਜੀਤ ਕੌਰ ਨੂੰ ਜਿੰਦਾ ਸਾੜਨ ਦੀ ਵਾਰਦਾਤ ਮੋਰਿੰਡਾ ਵਿਚ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਪੁਲਿਸ ਜਾਂਚ ਵਿਚ ਵਾਰਦਾਤ ਚੰਡੀਗੜ੍ਹ ਦੇ ਸੈਕਟਰ-34 ਵਿਚ ਹੋਣ ਦਾ ਖ਼ੁਲਾਸਾ ਸਾਹਮਣੇ ਆਇਆ ਹੈ।
ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ) – ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੇ ਅਗਵਾ ਤੇ ਹੱਤਿਆ ਮਾਮਲੇ ਦੀ ਜਾਂਚ ਦੌਰਾਨ ਵੱਡਾ ਖ਼ੁਲਾਸਾ ਹੋਇਆ ਹੈ। ਹੁਣ ਤੱਕ ਮਨਜੀਤ ਕੌਰ ਨੂੰ ਜਿੰਦਾ ਸਾੜਨ ਦੀ ਵਾਰਦਾਤ ਮੋਰਿੰਡਾ ਵਿਚ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਪੁਲਿਸ ਜਾਂਚ ਵਿਚ ਵਾਰਦਾਤ ਚੰਡੀਗੜ੍ਹ ਦੇ ਸੈਕਟਰ-34 ਵਿਚ ਹੋਣ ਦਾ ਖ਼ੁਲਾਸਾ ਸਾਹਮਣੇ ਆਇਆ ਹੈ। ਮਾਮਲੇ ਵਿਚ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤੇ ਗਏ ਪਰਮਿੰਦਰ ਸਿੰਘ ਉਰਫ਼ ਪਿੰਦਾ (25) ਵਾਸੀ ਪਿੰਡ ਖਾਨੋਵਾਲ, ਥਾਣਾ ਸਦਰ ਕਪੂਰਥਲਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਪੁਲਿਸ ਪੁੱਛਗਿੱਛ ਵਿਚ ਪਿੰਦਾ ਨੇ ਦੱਸਿਆ ਕਿ ਮਨਜੀਤ ਕੌਰ ਅਤੇ ਰਿੰਕੂ ਵਿਚਕਾਰ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਵਾਰਦਾਤ ਤੋਂ ਪਹਿਲਾਂ ਦੋਵਾਂ ਵਿਚ ਬਹਿਸ ਤੇ ਹੱਥੋਪਾਈ ਹੋਈ। ਇਸ ਤੋਂ ਬਾਅਦ ਮਨਜੀਤ ਨੂੰ ਕਾਰ ਵਿਚ ਬਿਠਾ ਕੇ ਸੈਕਟਰ-34 ਦੇ ਇਕ ਪਾਰਕ ਦੇ ਪਿੱਛੇ ਲਿਜਾਇਆ ਗਿਆ, ਜਿੱਥੇ ਉਸ ਨਾਲ ਮਾਰਪੀਟ ਕਰਨ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਪਿੰਦਾ ਨੇ ਪੁੱਛਗਿੱਛ ਦੌਰਾਨ ਆਪਣੀ ਭੂਮਿਕਾ ਰਿੰਕੂ ਦਾ ਸਾਥ ਦੇਣ ਤੱਕ ਦੱਸੀ ਹੈ। ਮਾਮਲੇ ਵਿਚ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਰਿੰਕੂ ਅਤੇ ਇਕ ਹੋਰ ਮੁਲਜ਼ਮ ਸ਼ੁਭੀ ਅਜੇ ਫ਼ਰਾਰ ਹਨ। ਪੁਲਿਸ ਵਲੋਂ ਦੋਵਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ.ਐਚ.ਓ ਸ਼ਾਦੀ ਲਾਲ ਨੇ ਦੱਸਿਆ ਕਿ ਪੁਲਿਸ ਸੈਕਟਰ-34 ਅਤੇ ਆਸਪਾਸ ਦੇ ਇਲਾਕੇ ਦਾ ਮੋਬਾਈਲ ਡੰਪ ਡਾਟਾ, ਕਾਲ ਡਿਟੇਲ ਤੇ ਟਾਵਰ ਲੋਕੇਸ਼ਨ ਖੰਘਾਲ ਰਹੀ ਹੈ, ਤਾਂ ਜੋ ਵਾਰਦਾਤ ਸਮੇਂ ਮੌਕੇ ’ਤੇ ਮੌਜੂਦ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਜਾਂਚ ਦੌਰਾਨ ਮਨਜੀਤ ਕੌਰ ਦੇ ਕਰੀਬ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਬੱਚੇ ਦੇ ਪਿਤਾ ਅਤੇ ਇਸ ਨਾਲ ਜੁੜੇ ਵਿਵਾਦ ਬਾਰੇ ਤੱਥਾਂ ਦੀ ਪੁਸ਼ਟੀ ਡੀ.ਐੱਨ.ਏ. ਜਾਂਚ ਤੋਂ ਬਾਅਦ ਹੋਵੇਗੀ। ਪੁਲਿਸ ਦਾ ਧਿਆਨ ਫ਼ਿਲਹਾਲ ਮਨਜੀਤ ਨੂੰ ਕਿੱਥੋਂ ਲਿਜਾਇਆ ਗਿਆ, ਵਾਰਦਾਤ ਅਸਲ ਵਿਚ ਕਿੱਥੇ ਹੋਈ ਅਤੇ ਇਸ ਵਿਚ ਕਿਹੜੇ-ਕਿਹੜੇ ਵਿਅਕਤੀਆਂ ਦੀ ਭੂਮਿਕਾ ਰਹੀ, ਇਨ੍ਹਾਂ ਤਿੰਨ ਨੁਕਤਿਆਂ ’ਤੇ ਕੇਂਦਰਿਤ ਹੈ।