ਚੰਡੀਗੜ੍ਹ - ਅੰਬਾਲਾ ਕੌਮੀ ਹਾਈਵੇਅ ਬਣੀ ‘ ਮੌਤ ਵੰਡਦੀ ’ ਸੜਕ
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਘੱਗਰ ਪੁਲ ਨੇੜੇ ਸੜਕ ਦੀ ਖਸਤਾ ਹਾਲਤ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਜ਼ੀਰਕਪੁਰ ਤੋਂ ਡੇਰਾਬੱਸੀ ਵੱਲ ਆਉਂਦੇ ਸਮੇਂ ਘੱਗਰ ਪੁਲ ਤੋਂ ਪਹਿਲਾਂ ਸੜਕ ਦੇ ਇਕ ਹਿੱਸੇ ਨੂੰ ਕਈ ਮਹੀਨੇ ਪਹਿਲਾਂ ਖੁਰਚਿਆ ਗਿਆ ਸੀ, ਪਰ ਇਸ ਨੂੰ ਮੁੜ ਠੀਕ ਨਾ ਕੀਤੇ ਜਾਣ ਕਾਰਨ ਇਥੇ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ।
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਘੱਗਰ ਪੁਲ ਨੇੜੇ ਸੜਕ ਦੀ ਖਸਤਾ ਹਾਲਤ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਜ਼ੀਰਕਪੁਰ ਤੋਂ ਡੇਰਾਬੱਸੀ ਵੱਲ ਆਉਂਦੇ ਸਮੇਂ ਘੱਗਰ ਪੁਲ ਤੋਂ ਪਹਿਲਾਂ ਸੜਕ ਦੇ ਇਕ ਹਿੱਸੇ ਨੂੰ ਕਈ ਮਹੀਨੇ ਪਹਿਲਾਂ ਖੁਰਚਿਆ ਗਿਆ ਸੀ, ਪਰ ਇਸ ਨੂੰ ਮੁੜ ਠੀਕ ਨਾ ਕੀਤੇ ਜਾਣ ਕਾਰਨ ਇਥੇ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਸਥਾਨਕ ਲੋਕਾਂ ਮੁਤਾਬਕ ਸੜਕ ’ਤੇ ਕਈ ਥਾਵਾਂ ’ਤੇ ਡੂੰਘੇ ਟੋਏ ਪਏ ਹਨ। ਬਾਰਿਸ਼ ਤੋਂ ਬਾਅਦ ਇਨ੍ਹਾਂ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਇਹ ਦਿਖਾਈ ਨਹੀਂ ਦਿੰਦੇ, ਜਿਸ ਕਰਕੇ ਖਾਸ ਕਰਕੇ ਦੋ ਪਹੀਆ ਵਾਹਨ ਚਾਲਕ ਅਚਾਨਕ ਸੰਤੁਲਨ ਗੁਆ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਰਾਤ ਸਮੇਂ ਸਥਿਤੀ ਹੋਰ ਵੀ ਖਤਰਨਾਕ ਬਣ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਹਾਈਵੇਅ ’ਤੇ ਵਾਹਨ ਚਾਲਕਾਂ ਤੋਂ ਟੋਲ ਟੈਕਸ ਪੂਰਾ ਵਸੂਲਿਆ ਜਾ ਰਿਹਾ ਹੈ ਤੇ ਫਾਸਟੈਗ ਵਿਚ ਰਕਮ ਨਾ ਹੋਣ ’ਤੇ ਦੁੱਗਣਾ ਟੋਲ ਵੀ ਲਿਆ ਜਾਂਦਾ ਹੈ, ਪਰ ਸੜਕ ਦੀ ਮੁਰੰਮਤ ਅਤੇ ਬੁਨਿਆਦੀ ਸਹੂਲਤਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸਫ਼ਰ ਨੂੰ ਸੁਰੱਖਿਅਤ ਅਤੇ ਸੁਹਾਵਣਾ ਬਣਾਉਣ ਲਈ ਸੜਕਾਂ ਬਣਾਈਆਂ ਜਾਂਦੀਆਂ ਹਨ, ਪਰ ਘੱਗਰ ਪੁਲ ਨੇੜੇ ਦੀ ਇਹ ਸੜਕ ਲੋਕਾਂ ਲਈ ਖ਼ਤਰਾ ਬਣ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।