ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਹਾਈ ਸਕੂਲ ਕੁੰਭੜਾ ਦੇ ਹੈੱਡ ਮਾਸਟਰ ਗੁਰਸੇਵਕ ਸਿੰਘ, ਜੋ ਬੀਤੀ 5 ਅਗਸਤ ਨੂੰ ਅਣਪਛਾਤਿਆਂ ਵਲੋਂ ਕੀਤੇ ਜਾਨ ਲੇਵਾ ਹਮਲੇ ’ਚ ਜ਼ਖ਼ਮੀ ਹੋ ਗਏ ਸਨ, ਦੀ ਅੱਜ ਸਥਾਨਕ ਸੈਕਟਰ 69 ਸਥਿਤ ਗਰੇਸਿਅਨ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਸਕੂਲ ਮੁਖੀ ਤੋਂ ਇਲਾਵਾ ਗੁਰਸੇਵਕ ਸਿੰਘ ਜ਼ਿਲ੍ਹਾ ਸਮਾਰਟ ਸਕੂਲ ਮੈਨਟਰ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਮੁਹਾਲੀ ਦੇ ਵਿੱਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਸਨ। ਜਾਣਕਾਰੀ ਅਨੁਸਾਰ ਹੈੱਡ ਮਾ. ਗੁਰਸੇਵਕ ਸਿੰਘ ਤੇ ਉਨ੍ਹਾਂ ਦੇ ਘਰ ਦੇ ਸਾਹਮਣੇ 5 ਅਗਸਤ ਦੀ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਥੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ’ਤੇ ਇਕ ਮਈ ਦੀ ਰਾਤ ਨੂੰ ਵੀ ਅਣਪਛਾਤੇ ਵਿਅਕਤੀਆਂ ਵਲੋਂ ਇਕ ਹੋਟਲ ਦੀ ਪਾਰਕਿੰਗ ’ਚ ਹਮਲਾ ਹੋਇਆ ਸੀ, ਜਿਸ ਸੰਬੰਧੀ ਸਥਾਨਕ ਸੈਕਟਰ 71 ਦੇ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਅਧਿਆਪਕ ਯੂਨੀਅਨਾਂ ਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਰਸੇਵਕ ਸਿੰਘ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਨ. ਡੀ. ਤਿਵਾੜੀ, ਗੁਰਜੀਤ ਸਿੰਘ, ਹਰਜੀਤ ਸਿੰਘ ਬਸੋਤਾ, ਨਵਪ੍ਰੀਤ ਸਿੰਘ ਬੱਲੀ, ਸੁਰਿੰਦਰ ਕੰਬੋਜ, ਗਗਨਦੀਪ ਸਿੰਘ ਭੁੱਲਰ, ਗੁਲਜ਼ਾਰ ਖਾਨ, ਚਰਨਜੀਤ ਸਿੰਘ ਸਿੱਧੂ, ਰਵਿੰਦਰ ਪੱਪੀ, ਮਨਪ੍ਰੀਤ ਸਿੰਘ, ਤੇਜਿੰਦਰ ਸਿੰਘ, ਕਿਰਨ ਪ੍ਰਾਸ਼ਰ, ਸੁਖਪਾਲ ਕੌਰ, ਗੁਰੇਕ ਸਿੰਘ, ਧਰਮਿੰਦਰ ਠਾਕਰੇ, ਹਾਕਮ ਸਿੰਘ ਅਤੇ ਲਵਿਸ ਚਾਵਲਾ ਆਦਿ ਵੱਖ ਵੱਖ ਅਧਿਆਪਕ ਆਗੂਆਂ ਨੇ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਕਤਲ ਦੀ ਨਿੰਦਾ ਕਰਦਿਆਂ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਕਾਤਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਆਗੂਆਂ ਨੇ ਕਾਤਲਾਨਾ ਹਮਲੇ ਦੀ ਉੱਚ ਪੱਧਰੀ ਜਾਂਚ, ਮੁਲਜ਼ਮਾਂ ਨੂੰ ਸਖ਼ਤ ਸਜ਼ਾ ਤੇ ਪਰਿਵਾਰ ਨੂੰ 2 ਕਰੋੜ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਜਲਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕੀਤੀ ਗਈ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ।