ਦੀਵਾਲੀ ਦੀ ਰਾਤ ਅੱਗ ਦੀਆਂ 68 ਘਟਨਾਵਾਂ
ਲੁਧਿਆਣਾ, 9 ਨਵੰਬਰ (ਭੁਪਿੰਦਰ ਸਿੰਘ ਬੈਂਸ)-ਦੀਵਾਲੀ ਦੀ ਰਾਤ ਜਿੱਥੇ ਸ਼ਹਿਰ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ, ਉਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ ਨੇ ਕਈ ਇਲਾਕਿਆਂ ਵਿਚ ਲੋਕਾਂ ਦੀਆਂ ਖ਼ੁਸ਼ੀਆਂ ਨੂੰ ਫਿੱਕਾ ਪਾ ਦਿੱਤਾ। ਸ਼ਹਿਰ ਵਿਚ ਇਕੋ ਰਾਤ ਦੌਰਾਨ ਅੱਗ ਲੱਗਣ ਦੀਆਂ ਕੁੱਲ 68 ਘਟਨਾਵਾਂ ਸਾਹਮਣੇ ਆਈਆਂ।
ਲੁਧਿਆਣਾ, 9 ਨਵੰਬਰ (ਭੁਪਿੰਦਰ ਸਿੰਘ ਬੈਂਸ)-ਦੀਵਾਲੀ ਦੀ ਰਾਤ ਜਿੱਥੇ ਸ਼ਹਿਰ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ, ਉਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ ਨੇ ਕਈ ਇਲਾਕਿਆਂ ਵਿਚ ਲੋਕਾਂ ਦੀਆਂ ਖ਼ੁਸ਼ੀਆਂ ਨੂੰ ਫਿੱਕਾ ਪਾ ਦਿੱਤਾ। ਸ਼ਹਿਰ ਵਿਚ ਇਕੋ ਰਾਤ ਦੌਰਾਨ ਅੱਗ ਲੱਗਣ ਦੀਆਂ ਕੁੱਲ 68 ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਵਿਚ ਖ਼ਾਲੀ ਪਲਾਟਾਂ ਵਿਚ ਪਏ ਕੂੜੇ ਕਬਾੜ ਤੋਂ ਲੈਕੇ ਕਬਾੜ ਦੇ ਗੋਦਾਮਾਂ, ਦੁਕਾਨਾਂ, ਕਾਰਖ਼ਾਨਿਆਂ ਅਤੇ ਸਬਜ਼ੀ ਮੰਡੀ ਤਕ ਅੱਗ ਦੀਆਂ ਲਪਟਾਂ ਪਹੁੰਚੀਆਂ। ਕਈ ਥਾਵਾਂ ‘ਤੇ ਅੱਗ ਨੇ ਲੱਖਾਂ ਰੁਪਏ ਦਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਅੱਗ ਦੀਆਂ ਲਗਾਤਾਰ ਮਿਲ ਰਹੀਆਂ ਸੂਚਨਾਵਾਂ ਕਾਰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਰਾਤ ਭਰ ਵੱਖ-ਵੱਖ ਇਲਾਕਿਆਂ ਵਿਚ ਪੁੱਜ ਕੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋਜਹਿਦ ਕਰਨੀ ਪਈ। ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿਚ ਖ਼ਾਲੀ ਪਲਾਟਾਂ ਵਿਚ ਪਏ ਕੂੜੇ ਅਤੇ ਕਬਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਇਸਤੋਂ ਇਲਾਵਾ ਕਬਾੜ ਦੇ ਹੋਰ ਗੋਦਾਮਾਂ ਅਤੇ ਕਾਰਖ਼ਾਨਿਆਂ ਵਿਚ ਅੱਗ ਲੱਗਣ ਕਾਰਨ ਮਾਲੀ ਨੁਕਸਾਨ ਹੋਇਆ। ਢੰਡਾਰੀ ਖ਼ੁਰਦ ਦੀ ਸਬਜ਼ੀ ਮੰਡੀ ’ਚ 9 ਦੁਕਾਨਾਂ ਸੜੀਆਂ ਸ਼ਹਿਰ ਦੇ ਢੰਡਾਰੀ ਖ਼ੁਰਦ ਸਥਿਤ ਸਬਜ਼ੀ ਮੰਡੀ ਵਿਚ ਦੇਰ ਰਾਤ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ। ਅੱਗ ਦੀ ਲਪੇਟ ਵਿਚ ਆਉਣ ਕਾਰਨ 9 ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ। ਇਨ੍ਹਾਂ ਵਿਚ ਰਜਾਈਆਂ, ਗੱਦਿਆਂ ਅਤੇ ਕਬਾੜ ਦੀਆਂ ਦੁਕਾਨਾਂ ਤੋਂ ਇਲਾਵਾ ਸਬਜ਼ੀਆਂ/ਫਲਾਂ ਨਾਲ ਸਬੰਧਿਤ ਦੁਕਾਨਾਂ ਅਤੇ ਰੇਹੜੀਆਂ ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ ਦਸ ਵਜੇ ਆਸਮਾਨ ਤੋਂ ਇਕ ਪਟਾਕਾ ਮੰਡੀ ਵਿਚ ਆ ਡਿੱਗਿਆ, ਜਿਸਤੋਂ ਬਾਅਦ ਰਜਾਈਆਂ ਦੀ ਇਕ ਦੁਕਾਨ ਵਿਚ ਅੱਗ ਲੱਗ ਗਈ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਮੰਡੀ ਵਿਚ ਮੌਜੂਦ ਲੋਕਾਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਤੇਜ਼ੀ ਨਾਲ ਫੈਲਦੀ ਦੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਕੜੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਦੁਕਾਨਾਂ ਵਿਚ ਪਿਆ ਸਾਮਾਨ ਪੂਰੀ ਤਰ੍ਹਾਂ ਸੜ ਗਿਆ। ਕੈਲਾਸ਼ ਨਗਰ ’ਚ ਕਬਾੜ ਦੇ ਗੋਦਾਮ ਨੂੰ ਲੱਗੀ ਅੱਗ ਥਾਣਾ ਜੋਧੇਵਾਲ ਅਧੀਨ ਆਉਂਦੇ ਕੈਲਾਸ਼ ਨਗਰ ਰੋਡ ’ਤੇ ਦੀਵਾਲੀ ਦੀ ਰਾਤ ਕਬਾੜ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਿਕ ਨੇ ਦੱਸਿਆ ਕਿ ਉਹ ਰਾਤ ਕਰੀਬ 8.00 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਰਾਤ ਕਰੀਬ 10.00 ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਨੇ ਤੁਰੰਤ ਅੱਗ ਬੁਝਾਊ ਵਿਭਾਗ ਨੂੰ ਜਾਣਕਾਰੀ ਦਿੱਤੀ। ਕਰੀਬ ਦੋ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਦੁਕਾਨ ਮਾਲਕ ਅਨੁਸਾਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕਬਾੜ ਅਤੇ ਹੋਰ ਸਾਮਾਨ ਸੜਕੇ ਨਸ਼ਟ ਹੋ ਗਿਆ। ਸੀ. ਟੀ. ਸੈਂਟਰ ਵਿਚ ਅੱਗ ਕਾਰਨ ਲੋਕਾਂ ਨੂੰ ਹੋਈ ਪਰੇਸ਼ਾਨੀ ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 56 ਅਧੀਨ ਆਉਂਦੇ ਸੀਟੀ ਸੈਂਟਰ ਵਿਚ ਵੀ ਦੀਵਾਲੀ ਦੀ ਰਾਤ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਕਾਰਨ ਇਲਾਕੇ ਵਿਚ ਧੂੰਆਂ ਫੈਲ ਗਿਆ, ਜਿਸ ਨਾਲ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਧੂੰਆਂ ਚਿੰਤਾ ਦਾ ਵਿਸ਼ਾ ਬਣਿਆ। ਇਸ ਮਾਮਲੇ ਨੇ ਇਲਾਕੇ ਵਿਚ ਕੂੜੇ ਦੇ ਨਿਪਟਾਰੇ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈਕੇ ਵੀ ਸਵਾਲ ਖੜ੍ਹੇ ਕੀਤੇ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਰਾਤ ਭਰ ਸੰਭਾਲਿਆ ਮੋਰਚਾ ਇਕੋ ਰਾਤ ਵਿਚ 68 ਥਾਵਾਂ ’ਤੇ ਅੱਗ ਲੱਗਣ ਦੀਆਂ ਸੂਚਨਾਵਾਂ ਮਿਲਣ ਕਾਰਨ ਅੱਗ ਬੁਝਾਊ ਵਿਭਾਗ ਲਈ ਕੰਮ ਕਾਫ਼ੀ ਚੁਣੌਤੀਪੂਰਨ ਰਿਹਾ। ਵੱਖ-ਵੱਖ ਇਲਾਕਿਆਂ ਵਿਚ ਅੱਗ ਦੀਆਂ ਲਪਟਾਂ ਉਠਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲਗਾਤਾਰ ਦੌੜ ਭੱਜ ਕਰਨੀ ਪਈ। ਕਈ ਥਾਵਾਂ ’ਤੇ ਅੱਗ ਬੁਝਾਉਣ ਲਈ ਕਾਫ਼ੀ ਸਮਾਂ ਲੱਗਿਆ। ਅੱਗ ਬੁਝਾਊ ਕਰਮਚਾਰੀਆਂ ਦੀ ਮਸ਼ੱਕਤ ਸਦਕਾ ਕਈ ਥਾਵਾਂ ’ਤੇ ਅੱਗ ਨੂੰ ਹੋਰ ਫੈਲਣ ਤੋ ਰੋਕਿਆ ਗਿਆ। ਇਕੋ ਰਾਤ ਵਿਚ ਵਾਪਰੀਆਂ ਇਨ੍ਹਾਂ 68 ਘਟਨਾਵਾਂ ਨੇ ਸ਼ਹਿਰ ਵਿਚ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦੀ ਸਮੀਖਿਆ ਕਾਰਨ ਦੀ ਲੋੜ ਉਜਾਗਰ ਕਰ ਦਿੱਤੀ। ਖ਼ਾਲੀ ਪਲਾਟਾਂ ਵਿਚ ਕੂੜਾ ਕਬਾੜ ਇਕੱਠਾ ਕਰਨ, ਗੋਦਾਮਾਂ ਵਿਚ ਜਲਣਸ਼ੀਲ ਸਮਗਰੀ ਰੱਖਣ ਅਤੇ ਕਾਰਖ਼ਾਨਿਆਂ ਵਿਚ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨਗਰ ਨਿਗਮ ਅਤੇ ਸਬੰਧਿਤ ਵਿਭਾਗਾਂ ਲਈ ਖ਼ਾਲੀ ਪਲਾਟਾਂ ਦੀ ਸਫ਼ਾਈ ਅਤੇ ਕੂੜੇ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ।