ਛੀਨਨ ਪਰਿਵਾਰ ਨੇ ਪੀ . ਏ . ਯੂ . ’ ਚ ਖੇਡਾਂ ਤੇ ਅਕਾਦਮਿਕ ਤਰੱਕੀ ਲਈ ਦਿੱਤਾ ਆਰਥਿਕ ਸਹਿਯੋਗ
ਲੁਧਿਆਣਾ, 7 ਸਤੰਬਰ (ਜਸਵਿੰਦਰ ਸਿੰਘ)-ਪੀ. ਏ.
ਲੁਧਿਆਣਾ, 7 ਸਤੰਬਰ (ਜਸਵਿੰਦਰ ਸਿੰਘ)-ਪੀ. ਏ. ਯੂ. ਦੇ ਸਾਬਕਾ ਵਿਦਿਆਰਥੀ ਜੋੜੇ ਡਾ. ਮਨਜੀਤ ਸਿੰਘ ਛੀਨਨ ਅਤੇ ਉਨ੍ਹਾਂ ਦੀ ਸੁਪਤਨੀ ਡਾ. ਲਤਾ ਮਹਾਜਨ ਛੀਨਨ ਨੇ ਪੀ. ਏ. ਯੂ. ਦੇ ਐਂਡੋਮੈਂਟ ਫੰਡ ਲਈ 34 ਲੱਖ ਰੁਪਏ ਦਾ ਸਹਿਯੋਗ ਦਿੱਤਾ। ਛੀਨਨ ਪਰਿਵਾਰ ਵਲੋਂ ਪਹਿਲਾਂ ਹੀ ਪੀ. ਏ. ਯੂ. ਵਿਚ ਖੇਡਾਂ ਤੇ ਅਕਾਦਮਿਕ ਤਰੱਕੀ ਲਈ ਲਗਾਤਾਰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਛੀਨਨ ਜੋੜੇ ਨੇ 2015 ਵਿਚ ਯੂਨੀਵਰਸਿਟੀ ਦੇ ਦੌਰੇ ਦੌਰਾਨ 10 ਸਾਲਾਂ ਦੇ ਵਕਫ਼ੇ ਵਿਚ ਖੇਡਾਂ ਅਤੇ ਪੜ੍ਹਾਈ ਦੇ ਵਿਕਾਸ ਲਈ 10 ਹਜ਼ਾਰ ਡਾਲਰ ਦਾ ਸਹਿਯੋਗ ਯੂਨੀਵਰਸਿਟੀ ਨੂੰ ਦਿੱਤਾ ਸੀ। ਪਿਛਲੇ ਸਾਲ ਨਵੰਬਰ ਵਿਚ ਪੀ. ਏ. ਯੂ. ਦਾ ਦੌਰਾ ਕਰਕੇ ਪ੍ਰੋ. ਮਨਜੀਤ ਸਿੰਘ ਛੀਨਨ ਨੇ ਇਸ ਸੰਬੰਧੀ ਯੂਨੀਵਰਸਿਟੀ ਨਾਲ ਵਿਚਾਰ-ਚਰਚਾ ਕੀਤੀ। ਡਾ. ਛੀਨਨ ਵਲੋਂ ਐਂਡੋਮੈਂਟ ਫੰਡ ਵਿਚ ਵਾਧੇ ਦੀ ਇੱਛਾ ਪ੍ਰਗਟਾਈ ਗਈ ਸੀ ਅਤੇ ਇਸੇ ਦਿਸ਼ਾ ਵਿਚ ਉਨ੍ਹਾਂ ਨੇ 34 ਲੱਖ ਰੁਪਏ ਹੋਰ ਯੂਨੀਵਰਸਿਟੀ ਨੂੰ ਦਾਨ ਦਿੱਤੇ ਹਨ। ਪੂਰੀ ਦੁਨੀਆ ਵਿਚ ਉਨ੍ਹਾਂ ਨੂੰ ਖੋਜ ਤੇ ਪੇਸ਼ੇਵਰ ਮਾਹਿਰ ਵਜੋਂ ਜਾਣਿਆ ਜਾਂਦਾ ਹੈ। ਭੋਜਨ ਵਿਗਿਆਨ ਅਤੇ ਤਕਨਾਲੋਜੀ ਬਾਰੇ ਕੌਮਾਂਤਰੀ ਅਕਾਦਮੀ ਦੇ ਫੈਲੋ ਹੋਣ ਦਾ ਮਾਣ ਵੀ ਡਾ. ਮਨਜੀਤ ਸਿੰਘ ਛੀਨਨ ਨੂੰ ਹਾਸਿਲ ਹੈ। ਉਨ੍ਹਾਂ ਦੀ ਸੁਪਤਨੀ ਡਾ. ਲਤਾ ਮਹਾਜਨ ਛੀਨਨ ਹਾਕੀ ਦੇ ਸੁਪ੍ਰਸਿੱਧ ਖਿਡਾਰੀ ਰਹੇ, ਜੋ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੀ ਔਰਤਾਂ ਦੀ ਪਹਿਲੀ ਟੀਮ ਦੇ ਪ੍ਰਤੀਨਿਧ ਸਨ।