ਗ੍ਰਾਮ ਪੰਚਾਇਤ ਹਰੀਕੇ ਵਲੋਂ 4-ਵੇਅ ਸੈਗਰੀਗੇਸ਼ਨ ਪ੍ਰਣਾਲੀ ਲਾਗੂ
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)-ਸਵੱਛਤਾ ਹੀ ਸੇਵਾ ਮੁਹਿੰਮ 2026 ਤਹਿਤ ‘ਸਵੱਛਤਾ ਵਿੱਚ ਸਹਿਭਾਗ, ਸਵੱਛ ਭਾਰਤ ਵਿਕਸਿਤ ਭਾਰਤ’ ਥੀਮ ਅਧੀਨ ਗ੍ਰਾਮ ਪੰਚਾਇਤ ਹਰੀਕੇ ਬਲਾਕ ਨੌਸ਼ਿਹਰਾ ਵਲੋਂ ਪਿੰਡ ਵਿਚ ਵਿਸ਼ੇਸ਼ ਸਫਾਈ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਨੂੰ ਸਾਫ਼-ਸੁਥਰਾ ਅਤੇ ਕੂੜਾ-ਮੁਕਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)-ਸਵੱਛਤਾ ਹੀ ਸੇਵਾ ਮੁਹਿੰਮ 2026 ਤਹਿਤ ‘ਸਵੱਛਤਾ ਵਿੱਚ ਸਹਿਭਾਗ, ਸਵੱਛ ਭਾਰਤ ਵਿਕਸਿਤ ਭਾਰਤ’ ਥੀਮ ਅਧੀਨ ਗ੍ਰਾਮ ਪੰਚਾਇਤ ਹਰੀਕੇ ਬਲਾਕ ਨੌਸ਼ਿਹਰਾ ਵਲੋਂ ਪਿੰਡ ਵਿਚ ਵਿਸ਼ੇਸ਼ ਸਫਾਈ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਨੂੰ ਸਾਫ਼-ਸੁਥਰਾ ਅਤੇ ਕੂੜਾ-ਮੁਕਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਗ੍ਰਾਮ ਪੰਚਾਇਤ ਵਲੋਂ ਸੋਲਿਡ ਵੇਸਟ ਮੈਨੇਜ਼ਮੈਂਟ ਨਿਯਮਾਂ ਤਹਿਤ ਪਿੰਡ ਵਿਚ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਹੈ। ਇਸ ਤਹਿਤ ਘਰਾਂ ਅਤੇ ਹੋਰ ਸਥਾਨਾਂ ਤੋਂ ਪੈਦਾ ਹੋਣ ਵਾਲੇ ਕੂੜੇ ਦੀ ਸਹੀ ਸੰਭਾਲ ਅਤੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਵਿਚ 4-ਵੇਅ ਸੈਗਰੀਗੇਸ਼ਨ (ਚਾਰ ਕਿਸਮਾਂ ਵਿਚ ਕੂੜੇ ਦੀ ਵੱਖ-ਵੱਖ ਛਾਂਟੀ) ਪ੍ਰਣਾਲੀ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਪ੍ਰਣਾਲੀ ਰਾਹੀਂ ਕੂੜੇ ਨੂੰ ਸਰੋਤ ਪੱਧਰ ’ਤੇ ਹੀ ਵੱਖ-ਵੱਖ ਕਰਕੇ ਇਕੱਤਰ ਕਰਨ ਅਤੇ ਉਸ ਦੀ ਢੁਕਵੀਂ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸੰਬੰਧੀ ਪਿੰਡ ਵਾਸੀਆਂ ਨੂੰ ਗਿੱਲੇ, ਸੁੱਕੇ, ਸੈਨੇਟਰੀ ਅਤੇ ਹੋਰ ਕੂੜੇ ਦੀ ਵੱਖ-ਵੱਖ ਸੰਭਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਪਿੰਡ ਵਿਚ ਸਫ਼ਾਈ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਪਿੰਡ ਨੂੰ ਸਾਫ਼-ਸੁਥਰਾ ਬਣਾਈ ਰੱਖਣ ਲਈ ਗ੍ਰਾਮ ਪੰਚਾਇਤ ਵਲੋਂ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੂੜੇ ਦੀ ਸਹੀ ਛਾਂਟੀ ਅਤੇ ਪ੍ਰਬੰਧਨ ਨਾਲ ਨਾ ਸਿਰਫ਼ ਪਿੰਡ ਦੀ ਸਫਾਈ ਵਿਚ ਸੁਧਾਰ ਆਵੇਗਾ, ਸਗੋਂ ਵਾਤਾਵਰਣ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਸਾਬਿਤ ਹੋਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਵੱਧ-ਚੜ੍ਹ ਕੇ ਭਾਗ ਲੈਣ, ਘਰਾਂ ਵਿਚ ਹੀ ਕੂੜੇ ਦੀ ਵੱਖ-ਵੱਖ ਛਾਂਟੀ ਕਰਨ ਅਤੇ ਕੂੜਾ ਜਨਤਕ ਥਾਵਾਂ ’ਤੇ ਨਾ ਸੁੱਟਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਹਰੀਕੇ ਪਿੰਡ ਨੂੰ ਸਾਫ਼, ਸੁੰਦਰ ਅਤੇ ਕੂੜਾ-ਮੁਕਤ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀ ਬਲਾਕ ਦਫ਼ਤਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਅਧਿਕਾਰੀ ਹਾਜ਼ਰ ਸਨ।