ਐਨ. ਐਚ. ਐਮ. ਯੂਨੀਅਨ ਵਲੋਂ ਦੂਜੇ ਦਿਨ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਦਿੱਤਾ ਧਰਨਾ
ਤਰਨ ਤਾਰਨ, 14 ਅਗਸਤ (ਪਰਮਜੀਤ ਜੋਸ਼ੀ)-ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਐਨ. ਐਚ.
ਤਰਨ ਤਾਰਨ, 14 ਅਗਸਤ (ਪਰਮਜੀਤ ਜੋਸ਼ੀ)-ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਐਨ. ਐਚ. ਐਮ. ਕਰਮਚਾਰੀ ਯੂਨੀਅਨ ਵਲੋਂ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਮੁਲਾਜ਼ਮ ਲੰਮੇ ਸਮੇਂ ਤੋਂ ਬਹੁਤ ਘੱਟ ਤਨਖਾਹਾਂ ’ਤੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ। ਇਸ ਸਮੇਂ ਸਿਹਤ ਵਿਭਾਗ ਦੇ ਰੈਗੂਲਰ ਯੂਨੀਅਨ ਆਗੂ ਰਜਵੰਤ ਸਿੰਘ ਬਾਗੜ੍ਹੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਐਨ. ਐਚ. ਐਮ. ਯੂਨੀਅਨ ਤਰਨ ਤਾਰਨ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਸੱਤਾ ਵਿਚ ਆਉਂਦਿਆਂ ਹੀ ਕੱਚੇ ਮੁਲਾਜਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਹੁਣ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਇਸ ਮੌਕੇ ਸੀ. ਐਚ. ਓ. ਯੂਨੀਅਨ ਦੀ ਪ੍ਰਧਾਨ ਜੈਸਮੀਨ ਕੌਰ ਤੇ ਜੁਗਰਾਜ ਕੌਰ ਨੇ ਸਾਂਝੇ ਰੂਪ ਵਿਚ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਕਈ ਤਰ੍ਹਾਂ ਦੇ ਝੂਠੇ ਸਬਜ਼ਬਾਗ ਦਿਖਾਏ, ਪਰ ਸਰਕਾਰ ਵਲੋਂ ਆਪਣੇ ਸੱਤਾ ਵਿਚ ਹੁੰਦਿਆਂ ਐਨ. ਐਚ. ਐਮ. ਮੁਲਾਜ਼ਮਾਂ ਨੂੰ ਪੱਕਾ ਕਰਨ ਵਿਚ ਲਗਾਤਾਰ ਟਾਲ ਮਟੌਲ ਕੀਤੀ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਤੋਂ ਇਲਾਵਾ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਐਨ. ਐਚ. ਐਮ. ਯੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਭਗਵੰਤ ਮਾਨ ਦੀ ਸਰਕਾਰ ਤੋਂ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਉਹ ਐਨ. ਐਚ. ਐਮ. ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪੱਕਾ ਕਰ ਦਵੇਗੀ, ਪਰ ਉਨ੍ਹਾਂ ਦੀ ਆਸ ਨਿਰਾਸ਼ਾ ਵਿਚ ਬਦਲ ਰਹੀ ਹੈ। ਇਸ ਮੌਕੇ ਮੈਡਮ ਕਵਲਜੀਤ ਕੌਰ ਡੀ. ਐਸ. ਏ., ਆਰੂਸ਼ ਭੱਲਾ ਤਰਨ ਤਾਰਨ, ਸਿਮਰਜੀਤ ਸਿੰਘ ਸੀ. ਓ. ਤਰਨ ਤਾਰਨ, ਮੈਡਮ ਰਜਨੀ ਤਰਨ ਤਾਰਨ, ਸਟਾਫ ਨਰਸ ਪ੍ਰਧਾਨ ਨੀਰੂ ਮੰਨਣ, ਗੁਰਮੀਤ ਕੌਰ ਸਟਾਫ ਨਰਸ, ਰਵਿੰਦਰ ਕੌਰ ਸੀ. ਐਚ. ਓ. ਚੋਹਲਾ ਸਾਹਿਬ, ਵਿਸ਼ਾਲ ਕੁਮਾਰ ਬੀ. ਐਸ. ਏ., ਕੁਲਵੰਤ ਕੌਰ ਅਕਾਊਂਟੈਂਟ, ਸੰਦੀਪ ਕੈਰੋਂ, ਕੰਵਲਜੀਤ ਕੌਰ ਸਟਾਫ ਨਰਸ, ਅਮਰਜੀਤ ਸਿੰਘ ਤਰਨ ਤਾਰਨ, ਰਿਤੇਸ਼ ਵਾਲੀਆ ਕੰਪਿਊਟਰ ਆਪ੍ਰੇਟਰ, ਸੰਦੀਪ ਸਿੰਘ ਸੀਓ ਆਦਿ ਹਾਜ਼ਰ ਸਨ।