ਅੰਮ੍ਰਿਤਸਰ ਦੀ ਵਿਲੱਖਣ ਗਾਥਾ ਨੂੰ ਬਾਖੂਬੀ ਪੇਸ਼ ਕਰ ਗਿਆ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਦੌਰਾਨ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਅਤੇ ਸਿਖਰ ਹੋ ਨਿਬੜਿਆ। ਇਸ ਸ਼ੋਅ ਰਾਹੀਂ ਅੰਮ੍ਰਿਤਸਰ ਦੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਾਸਤ ਅਤੇ ਵਿਲੱਖਣ ਸੱਭਿਆਚਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਦੌਰਾਨ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਅਤੇ ਸਿਖਰ ਹੋ ਨਿਬੜਿਆ। ਇਸ ਸ਼ੋਅ ਰਾਹੀਂ ਅੰਮ੍ਰਿਤਸਰ ਦੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਾਸਤ ਅਤੇ ਵਿਲੱਖਣ ਸੱਭਿਆਚਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਲਾਈਟ ਐਂਡ ਸਾਊਂਡ ਸ਼ੋਅ ‘ਦਾਸਤਾਨ-ਏ-ਅੰਮ੍ਰਿਤਸਰ’ ਦਾ ਸੰਕਲਪ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ, ਜਿਨ੍ਹਾਂ ਦੀ ਦੇਖ-ਰੇਖ ਅਤੇ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਤਿਆਰ ਕਰਵਾਇਆ ਗਿਆ। ਉਪ ਕੁਲਪਤੀ ਦੀ ਇਸੇ ਦ੍ਰਿਸ਼ਟੀ ਨੂੰ ਸਾਕਾਰ ਕਰਦਿਆਂ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦਾ ਪਹਿਲਾ ਸ਼ੋਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਮੰਚ-ਰੰਗਮੰਚ ਵਲੋਂ ਪੇਸ਼ ਕੀਤਾ ਗਿਆ।ਇਹ ਪ੍ਰੋਜੈਕਟ ਨਾ ਸਿਰਫ਼ ਅੰਮ੍ਰਿਤਸਰ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਹੈ, ਸਗੋਂ ਸ਼ਹਿਰ ਦੀ 450 ਸਾਲਾ ਵਿਰਾਸਤ ਨੂੰ ਆਧੁਨਿਕ ਰੰਗਮੰਚੀ ਅਤੇ ਤਕਨੀਕੀ ਮਾਧਿਅਮ ਰਾਹੀਂ ਸੰਭਾਲਣ ਅਤੇ ਵਿਸ਼ਵ ਪੱਧਰ ’ਤੇ ਪੇਸ਼ ਕਰਨ ਵੱਲ ਵੀ ਇਕ ਮਹੱਤਵਪੂਰਨ ਕਦਮ ਹੈ। ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਚ ਵਿਖਾਏ ਗਏ ਇਸ ਨਾਟਕ ਮੌਕੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ ਅਤੇ ਰਜਿਸਟਰਾਰ ਪ੍ਰੋ ਕੇ. ਐੱਸ. ਚਾਹਲ ਤੋਂ ਇਲਾਵਾ ਅਧਿਆਪਕ, ਅਧਿਕਾਰੀ, ਕਰਮਚਾਰੀਆਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਪ੍ਰੋ. ਕਰਮਜੀਤ ਸਿੰਘ ਨੇ ਨਾਟਕ ਦੇ ਲੇਖਕ ਅਤੇ ਡਾਇਰੈਕਟਰ ਕੇਵਲ ਧਾਲੀਵਾਲ, ਪ੍ਰਸਿੱਧ ਕਲਾਕਾਰ ਜਤਿੰਦਰ ਕੌਰ ਅਤੇ ਨਾਟਕ ਵਿਚ ਭਾਗ ਲੈਣ ਵਾਲਿਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਨਾਟਕ ਦੀ ਕਹਾਣੀ ਅੰਮ੍ਰਿਤਸਰ ਦੇ ਬਣਨ ਤੋਂ ਲੈ ਕੇ ਅੱਜ ਤੱਕ ਦੇ ਵਿਕਾਸ ਨਾਲ ਜੁੜੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਨਾਟਕ ਅੰਦਰ ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸਾਈਂ ਮੀਆਂ ਮੀਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੈ। ।ਉਪ ਕੁਲਪਤੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਦੇ ਅੰਦਰ ਵਸੇ ਹੋਏ ਛੋਟੇ-ਛੋਟੇ ਬਾਜ਼ਾਰਾਂ ਅਤੇ ਉਨ੍ਹਾਂ ਬਾਜ਼ਾਰਾਂ ਦੇ ਵਿਚ ਚੱਲਦੇ ਵਪਾਰ ਦੇ ਇਤਿਹਾਸ, ਅੰਮ੍ਰਿਤਸਰ ਦੇ ਨਾਲ ਜੁੜੀਆਂ ਅਖ਼ਬਾਰਾਂ ਦਾ ਇਤਿਹਾਤਸ, ਦੁਰਗਿਆਣਾ ਮੰਦਰ, ਸ੍ਰੀ ਵਾਲਮੀਕ ਮੰਦਰ (ਰਾਮ ਤੀਰਥ) , ਅੰਮ੍ਰਿਤਸਰ ਦੇ ਗਿਰਜਾਘਰ, ਮਸੀਤਾਂ, ਵਿੱਦਿਅਕ ਅਦਾਰਿਆਂ ਦਾ, ਅੰਮ੍ਰਿਤਸਰ ਦੇ ਵੱਡੇ ਲੇਖਕ ਡਾ. ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਸ: ਨਾਨਕ ਸਿੰਘ, ਸਆਦਤ ਹਸਨ ਮੰਟੋ, ਭਗਤ ਪੂਰਨ ਸਿੰਘ ਤੇ ਪਿੰਗਲਵਾੜਾ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਅਤੇ ਸਭਿਆਚਾਰਕ ਸੰਸਥਾਵਾਂ, ਪੰਜਾਬ ਨਾਟਸ਼ਾਲਾ, ਵਿਰਸਾ ਵਿਹਾਰ, ਰੰਗਮੰਚ ਭਵਨ ਦੀਆਂ ਸਰਗਰਮੀਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਵਿਸ਼ੇਸ਼ ਖਾਣਿਆਂ ਦਾ ਜਿਕਰ, ਬਾਜ਼ਾਰਾਂ ਨਾਲ ਜੋੜ ਕੇ ਅਤੇ ਅੰਮ੍ਰਿਤਸਰ ਦੇ ਤਿਉਹਾਰਾਂ ਦਾ ਜਿਕਰ, ਗੋਲ ਬਾਗ ਵਿਚ ਹੁੰਦੀ ਪਤੰਗਬਾਜ਼ੀ ਦਾ ਜਿਕਰ, ਬਹੁਤ ਕੁਝ ਵਿਸਥਾਰ ਦੇ ਨਾਲ ਪੇਸ਼ ਕੀਤਾ ਗਿਆ। ਡਾ. ਕਰਮਜੀਤ ਸਿੰਘ ਨੇ ਸਾਰੇ ਕਲਾਕਾਰਾਂ ਦੀ ਨਾਟਕ ਦੀ ਪੇਸ਼ਕਾਰੀ, ਨਿਰਦੇਸ਼ਨ ਅਤੇ ਲੇਖਨ ਸ਼ੈਲੀ ਦੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ ਅਤੇ ਇਸ ਨਾਟਕ ਦੇ ਹੋਰ ਵੀ ਸ਼ੋਅ ਅੱਗੇ ਕਰਵਾਉਣ ਲਈ ਦਰਸ਼ਕਾਂ ਨਾਲ ਵਾਅਦਾ ਕੀਤਾ। ਲਗਭਗ ਪੌਣੇ ਦੋ ਘੰਟੇ ਲੰਮੇ ਚਲੇ ਇਸ ਨਾਟਕ ਨੂੰ 20 ਦੇ ਕਰੀਬ ਕਲਾਕਾਰਾਂ ਨੇ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਨੇ ਤਿਆਰ ਕੀਤਾ ਅਤੇ ਨਾਟਕ ਵਿਚ ਜਤਿੰਦਰ ਕੌਰ, ਗੁਰਤੇਜ ਮਾਨ, ਸਾਜਨ ਕੋਹਿਨੂਰ, ਗੁਰਦਿੱਤ ਪਾਲ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਡੌਲੀ ਸੱਡਲ, ਗੁਰਲੀਨ ਕੌਰ, ਰਾਹੁਲ ਸਹਿਗਲ, ਨਿਤਿਨ ਕਪੂਰ, ਕਵਚ, ਬਲਕਰਨ, ਸਤਬੀਰ ਸਿੰਘ, ਸੁਖਮਨ ਸਿੰਘ, ਮੋਹਿਤ ਕੁਮਾਰ ਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ।ਨਾਟਕ ਵਿਚ ਚੱਲ ਰਹੀਆਂ ਸਲਾਈਡਜ਼ ਅਭਿਸ਼ੇਕ ਅਤਰੀ ਨੇ ਤਿਆਰ ਕੀਤੀਆਂ।