ਉਦਯੋਗ ਨਾਲ ਰਣਨੀਤਕ ਸਾਂਝ ਰਾਹੀਂ ਵਿਕਾਸ ਅਤੇ ਅਸਲ ਸਮੱਸਿਆਵਾਂ ਦੇ ਹੱਲ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੱਦਾ
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਅੰਮ੍ਰਿਤਸਰ ਜ਼ੋਨ ਦੀ ਦੂਜੀ ਜ਼ੋਨਲ ਕੌਂਸਲ ਮੀਟਿੰਗ ਦੌਰਾਨ ਯੂਨੀਵਰਸਿਟੀ ਅਤੇ ਸਥਾਨਕ ਉਦਯੋਗ ਵਿਚਕਾਰ ਨਿਰੰਤਰ ਸਾਂਝ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਆਈ. ਆਈ. ਐੱਮ. ਅੰਮ੍ਰਿਤਸਰ ਦੇ ਡਾਇਰੈਕਟਰ ਪ੍ਰੋ. ਸਮੀਰ ਕੇ. ਸ੍ਰੀਵਾਸਤਵ ਹੋਰ ਪਤਵੰਤਿਆਂ ਨੇ ਵੀ ਸ਼ਮੂਲੀਅਤ ਕੀਤੀ। ਉਦਯੋਗ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਕਾਰੋਬਾਰੀ ਅਦਾਰੇ ਵਿਦਿਆਰਥੀਆਂ ਨੂੰ ਮੈਨਟਰ, ਇੰਟਰਨਸ਼ਿਪ, ਲਾਈਵ ਪ੍ਰਾਜੈਕਟ ਅਤੇ ਅਕਾਦਮਿਕ ਪਾਠਕ੍ਰਮ ਲਈ ਸੁਝਾਅ ਦੇ ਕੇ ਉਨ੍ਹਾਂ ਦੀ ਸਿੱਖਿਆ ਵਿਚ ਵਧੇਰੇ ਭੂਮਿਕਾ ਨਿਭਾਅ ਸਕਦੇ ਹਨ। ਇਸ ਦੇ ਬਦਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਫੈਕਲਟੀ ਦੀ ਮੁਹਾਰਤ, ਪ੍ਰਯੋਗਸ਼ਾਲਾਵਾਂ ਅਤੇ ਖੋਜ ਟੀਮਾਂ ਰਾਹੀਂ ਕੰਪਨੀਆਂ, ਖ਼ਾਸ ਕਰਕੇ ਐੱਮ. ਐੱਸ. ਐੱਮ. ਈਜ਼., ਸਾਹਮਣੇ ਆਉਣ ਵਾਲੀਆਂ ਵਿਹਾਰਕ ਸਮੱਸਿਆਵਾਂ ਦੇ ਹੱਲ ਲਈ ਯੋਗਦਾਨ ਪਾ ਸਕਦੀ ਹੈ। ਉਪ ਕੁਲਪਤੀ ਨੇ ਸੀ. ਆਈ. ਆਈ. ਦੇ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਉਹ ਉਦਯੋਗ ਨਾਲ ਸੰਬੰਧਿਤ ਵਿਸ਼ੇਸ਼ ਸਮੱਸਿਆਵਾਂ ਦੀ ਪਛਾਣ ਕਰਨ, ਜਿਨ੍ਹਾਂ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਕੰਮ ਕਰ ਸਕਣ। ਇਸ ਤੋਂ ਬਾਅਦ ਕੰਪਨੀਆਂ ਸੰਭਾਵੀ ਹੱਲਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਅਪਣਾ ਸਕਦੀਆਂ ਹਨ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ 202627 ’ਚ ਠੋਸ ਪ੍ਰਾਜੈਕਟਾਂ, ਮੈਨਟਰਾਂ ਅਤੇ ਇੰਟਰਨਸ਼ਿਪਾਂ ਨਾਲ ਇਸ ਸਾਂਝ ਦੀ ਸ਼ੁਰੂਆਤ ਕੀਤੀ ਜਾਵੇ।ਇਸ ਤੋਂ ਪਹਿਲਾਂ ਸੀ.ਆਈ.ਆਈ. ਅੰਮ੍ਰਿਤਸਰ ਜ਼ੋਨ ਦੇ ਚੇਅਰਮੈਨ ਕਪਿਲ ਮਹਿਰਾ ਨੇ ਖੇਤਰੀ ਵਿਕਾਸ ਨੂੰ ਸਹਿਯੋਗ ਦੇਣ ਲਈ ਉਦਯੋਗ ਅਕਾਦਮਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਵਾਈਸ ਚੇਅਰਪਰਸਨ ਪ੍ਰਨੀਤ ਬੱਬਰ ਨੇ ਮੈਂਬਰਾਂ ਅਤੇ ਹੋਰ ਹਿੱਤਧਾਰਕਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ ਨੂੰ ਉਜਾਗਰ ਕੀਤਾ।