ਅੰਮ੍ਰਿਤਸਰ ਵਿਕਾਸ ਅਥਾਰਟੀ (ਪੁੱਡਾ) ਵਲੋਂ ਅਣ-ਅਧਿਕਾਰਤ ਕਾਲੋਨੀਆਂ ’ਤੇ ਕਾਰਵਾਈ
ਅੰਮ੍ਰਿਤਸਰ, 11 ਸਤੰਬਰ (ਹਰਮਿੰਦਰ ਸਿੰਘ)- ਏਡੀਏ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ ਆਈ. ਏ.
ਅੰਮ੍ਰਿਤਸਰ, 11 ਸਤੰਬਰ (ਹਰਮਿੰਦਰ ਸਿੰਘ)- ਏਡੀਏ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ ਆਈ.ਏ.ਐੱਸ ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਯਤ ਪੀ.ਸੀ.ਐੱਸ. ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਵਲੋਂ ਰਾਮਤੀਰਥ ਰੋਡ ਉੱਪਰ ਪੈਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅਣ-ਅਧਿਕਾਰਤ ਕਾਲੋਨੀ (ਏਕਮ ਗਾਰਡਨ ਦੇ ਸਾਹਮਣੇ), ਪਿੰਡ ਧੌਲਕਲਾਂ ਵਿਖੇ ਸ਼ਿਵਾ ਪੈਰਾਡਾਈਸ ਦੇ ਨਾਮ ਹੇਠ ਬਣ ਰਹੀ ਅਣ-ਅਧਿਕਾਰਤ ਕਾਲੋਨੀ ਅਤੇ ਪਿੰਡ ਕਾਲਾ ਘਨੁੰਪੁਰ ਵਿਖੇ ਨਿਉ ਅਰਬਨ ਅਸਟੇਟ (ਐਕਸਟੈਂਸ਼ਨ) ਨਾਮਕ ਬਣ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਕਾਲੋਨੀਆਂ ਨੂੰ ਢਾਹਿਆ ਗਿਆ। ਜਿਲ੍ਹਾ ਟਾਊਨ ਪਲਾਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਵਿੱਖ ਦੇ ਵਿਕਾਸ ਨੂੰ ਨਿਯੰਤਰਣ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਵਡਾਲਾ ਭਿੱਟੇਵੱਡ, ਪਿੰਡ ਧੌਲਕਲਾਂ ਅਤੇ ਪਿੰਡ ਕਾਲਾ ਘਨੁੰਪੁਰ ਵਿਖੇ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਸਹਾਇਕ ਨਗਰ ਯੋਜਨਕਾਰ (ਰ) ਦੀ ਮੌਜੂਦਗੀ ਵਿਚ ਪਾਪਰਾ ਐਕਟ-1995 ਅਧੀਨ ਨੋਟਿਸ ਜਾਰੀ ਕਰਦਿਆਂ ਕੰਮ ਬੰਦ ਕਰਵਾਉਂਦੇ ਹੋਏ ਇਨ੍ਹਾਂ ਵਿਰੁੱਧ ਕਾਲੋਨੀਆਂ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕਾਂ ਨੇ ਸਰਕਾਰੀ ਨਿਯਮਾਂ ਦੀਆਂ ਕਥਿਤ ਧੱਜੀਆਂ ਉਡਾਈਆਂ ਅਤੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਕਤ ਅਣ-ਅਧਿਕਾਰਤ ਕਾਲੋਨੀਆਂ ਸੰਬੰਧੀ ਸਪੱਸ਼ਟੀਕਰਨ ਦੇਣ ਦੀ ਬਜਾਏ ਮੌਕੇ ਤੇ ਵਿਕਾਸ ਦੇ ਕੰਮਾਂ ਨੂੰ ਜਾਰੀ ਰੱਖਿਆ ਗਿਆ, ਜਿਸ ਦੇ ਤਹਿਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਕਤ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸ ਤੋਂ ਇਲਾਵਾ ਰਾਮਤੀਰਥ ਰੋਡ ਉੱਪਰ ਪੈਂਦੇ ਪਿੰਡ ਧੌਲਕਲਾਂ ਵਿਖੇ ਵਿਸਕਿਤ ਸ਼ਿਵਾ ਪੈਰਾਡਾਈਜ਼ ਖਿਲਾਫ਼ ਅਤੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਏਕਮ ਗਾਰਡਨ ਦੇ ਸਾਹਮਣੇ ਵਿਕਸਿਤ ਅਣ-ਅਧਿਕਾਰਤ ਕਾਲੋਨੀ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ, ਪਰ ਉਕਤ ਕਾਲੋਨੀਆਂ ਦੇ ਮਾਲਕਾਂ ਵਲੋਂ ਹੁਣ ਮੌਕੇ ’ਤੇ ਦੁਬਾਰਾ ਵਿਕਾਸ ਦੇ ਕੰਮ ਸ਼ੁਰੂ ਕਰ ਲਏ ਸਨ, ਜਿਸ ਕਰਕੇ ਹੁਣ ਨਵੇਂ ਕੀਤੇ ਵਿਕਾਸ ਕਾਰਜਾਂ ਨੂੰ ਮੁੜ ਢਾਹਿਆ ਗਿਆ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਣ-ਅਧਿਕਾਰਤ ਕਾਲੋਨੀ ਕੱਟਣ ਵਾਲੇ ਵਿਅਕਤੀ ਵਿਰੁੱਧ ਪਾਪਰਾ ਐਕਟ-1995 ਦੀ ਸੋਧ 2024 ਅਨੁਸਾਰ 5 ਤੋਂ 10 ਸਾਲ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।