ਡੀ. ਏ. ਵੀ. ਕਾਲਜ ਵਿਖੇ ਪੀ. ਸੀ. ਸੀ. ਟੀ. ਯੂ. ਦੀ ਸਥਾਨਕ ਇਕਾਈ ਵਲੋਂ ਇਕ ਘੰਟੇ ਦੀ ਹੜਤਾਲ
ਅੰਮ੍ਰਿਤਸਰ, 27 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਡੀ. ਏ.
ਅੰਮ੍ਰਿਤਸਰ, 27 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਡੀ. ਏ. ਵੀ. ਕਾਲਜ ਅੰਮ੍ਰਿਤਸਰ ਇਕਾਈ ਵਲੋਂ ਅੱਜ ਸਾਂਝਾ ਮੁਲਾਜ਼ਮ ਮੋਰਚਾ ਦੇ ਸਮਰਥਨ ’ਚ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਇਕ ਘੰਟੇ ਦੀ ਹੜਤਾਲ ਅਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਵਿਕਾਸ ਭਾਰਦਵਾਜ਼ ਅਤੇ ਸਕੱਤਰ ਪ੍ਰੋ. ਆਸ਼ੂ ਵਿਜ ਨੇ ਮੁਲਾਜ਼ਮਾਂ ਲਈ ਵਧੇ ਹੋਏ ਮਹਿੰਗਾਈ ਭੱਤੇ ਦੀ ਮੰਗ ਨੂੰ ਪੂਰੀ ਤਰ੍ਹਾਂ ਜਾਇਜ਼ ਦੱਸਿਆ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਜਾਇਜ਼ ਹੱਕ ਹੈ ਅਤੇ ਸਰਕਾਰ ਨੂੰ ਇਸ ਦੀ ਅਦਾਇਗੀ ’ਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਡਾ. ਨਿਹਿਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਆਮ ਮੁਲਾਜ਼ਮਾਂ ਅਤੇ ਖਾਸ ਕਰਕੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਪ੍ਰਤੀ ਲੋੜੀਂਦੀ ਸੰਵੇਦਨਸ਼ੀਲਤਾ ਨਹੀਂ ਦਿਖਾ ਰਹੀ । ਡਾ. ਕੇ. ਐੱਸ. ਆਰਿਆ ਅਤੇ ਪ੍ਰੋ. ਵਿਕਰਮ ਸ਼ਰਮਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਮੁਲਾਜ਼ਮਾਂ ਅਤੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਡਾ. ਬੀ. ਬੀ. ਯਾਦਵ ਨੇ ਏਕਤਾ ਅਤੇ ਸੰਘਰਸ਼ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੁਲਾਜ਼ਮਾਂ ਨੂੰ ਇਕਜੁੱਟ ਰਹਿਣ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਲੋਕਤੰਤਰਿਕ ਢੰਗ ਨਾਲ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਧਰਨੇ ’ਚ ਡਾ. ਵਿਕਰਮ ਚੌਧਰੀ , ਡਾ. ਆਸ਼ੀਸ਼ ਗੁਪਤਾ, ਡਾ. ਰਿਤੂ ਅਰੋੜਾ ਅਤੇ ਪ੍ਰੋ. ਸੁਰਿੰਦਰ ਕੁਮਾਰ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।