ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਖ਼ੁਰਾਕ ਸੁਰੱਖਿਆ ਸੰਬੰਧੀ ਦਿੱਤੀ ਵਿਸ਼ੇਸ਼ ਸਿਖਲਾਈ
ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਖੇਤਰੀ ਸਟੇਸ਼ਨ ਅਬੋਹਰ ਵਿਖੇ ‘ਸਰਲ’ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ 10 ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਹੁਕਮਾਂ ’ਤੇ ਫੂਡ ਸੇਫ਼ਟੀ ਅਫ਼ਸਰ ਫ਼ਾਜ਼ਿਲਕਾ ਹਰਵਿੰਦਰ ਸਿੰਘ ਵਲੋਂ ਸਿੱਖਿਆਰਥੀ ਨੌਜਵਾਨਾਂ ਨੂੰ ਖ਼ੁਰਾਕ ਸੁਰੱਖਿਆ ਸਬੰਧੀ ਵਿਸ਼ੇਸ਼ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ।
ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਖੇਤਰੀ ਸਟੇਸ਼ਨ ਅਬੋਹਰ ਵਿਖੇ ‘ਸਰਲ’ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ 10 ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਸਿਵਲ ਸਰਜਨ ਡਾ.ਕਵਿਤਾ ਸਿੰਘ ਦੇ ਹੁਕਮਾਂ ’ਤੇ ਫੂਡ ਸੇਫ਼ਟੀ ਅਫ਼ਸਰ ਫ਼ਾਜ਼ਿਲਕਾ ਹਰਵਿੰਦਰ ਸਿੰਘ ਵਲੋਂ ਸਿੱਖਿਆਰਥੀ ਨੌਜਵਾਨਾਂ ਨੂੰ ਖ਼ੁਰਾਕ ਸੁਰੱਖਿਆ ਸਬੰਧੀ ਵਿਸ਼ੇਸ਼ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ 12 ਤੋਂ 21 ਨਵੰਬਰ ਤੱਕ ‘ਸਰਲ ਪ੍ਰਾਜੈਕਟ ਰਾਹੀਂ ਨੌਜਵਾਨਾਂ ਲਈ ਉੱਦਮੀ ਮੌਕੇ’ ਤਹਿਤ ਵੈਲਿਊ ਐਡੀਸ਼ਨ ਐਂਡ ਫੂਡ ਪ੍ਰੋਸੈਸਿੰਗ ਵਿਸ਼ੇ ’ਤੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ ਦੇ ਨਿਯਮਾਂ, ਖ਼ੁਰਾਕ ਸੁਰੱਖਿਆ ਤੇ ਮਿਆਰ ਐਕਟ-2006, ਖੁਰਾਕੀ ਵਸਤਾਂ ਦੇ ਕਾਰੋਬਾਰ ਲਈ ਲਾਜ਼ਮੀ ਲਾਇਸੈਂਸ ’ਤੇ ਰਜਿਸਟਰੇਸ਼ਨ ਅਤੇ ਭੋਜਨ ਦੀ ਗੁਣਵੱਤਾ ਦੇ ਮਾਪਦੰਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਦੇ ਕਾਰੋਬਾਰ ਵਿਚ ਸਾਫ਼-ਸਫ਼ਾਈ, ਭੋਜਨ ਦੀ ਸਹੀ ਸਾਂਭ-ਸੰਭਾਲ (ਭੰਡਾਰਨ), ਕੱਚੇ ਮਾਲ ਦੀ ਗੁਣਵੱਤਾ, ਪੈਕਿੰਗ ਅਤੇ ਲੇਬਲਿੰਗ ਸਬੰਧੀ ਨਿਯਮਾਂ ਦੀ ਪਾਲਨਾ ਕਰਨੀ ਬੇਹੱਦ ਜ਼ਰੂਰੀ ਹੈ ਅਤੇ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਐੱਫ.ਐੱਸ.ਐੱਸ.ਏ.ਆਈ.ਤੋਂ ਲਾਇਸੈਂਸ ਜਾਂ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਪਾਲਨਾ ਕਰਦੇ ਹੋਏ ਮਿਆਰੀ ਅਤੇ ਸੁਰੱਖਿਅਤ ਖੁਰਾਕੀ ਵਸਤਾਂ ਦਾ ਉਤਪਾਦਨ ਕਰਕੇ ਇਸ ਖੇਤਰ ਵਿਚ ਆਪਣੇ ਸਵੈ-ਰੁਜ਼ਗਾਰ ਸਥਾਪਤ ਕਰਨ। ਇਸ ਸਿਖਲਾਈ ਦਾ ਮੁੱਖ ਉਦੇਸ਼ ਪੇਂਡੂ ਨੌਜਵਾਨਾਂ ਅਤੇ ਨਵੇਂ ਉੱਦਮੀਆਂ ਨੂੰ ਖ਼ੁਰਾਕ ਸੁਰੱਖਿਆ ਪ੍ਰਤੀ ਜਾਗਰੂਕ ਕਰਕੇ ਸੁਰੱਖਿਅਤ ਤੇ ਟਿਕਾਊ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਤ ਕਰਨ ਲਈ ਲੋੜੀਂਦਾ ਗਿਆਨ ਪ੍ਰਦਾਨ ਕਰਨਾ ਸੀ।