ਵਪਾਰਕ ਤੌਰ ’ਤੇ ਵਰਤੋਂ ਵਿਚ ਆ ਰਹੇ ਟਰੈਕਟਰ-ਟਰਾਲੇ ਟੈਕਸ ਚੋਰੀ ਦੇ ਨਾਲ-ਨਾਲ ਲੋਕਾਂ ਲਈ ਬਣ ਰਹੇ ਹਨ ਖ਼ਤਰਾ
ਜਲਾਲਾਬਾਦ, 30 ਅਕਤੂਬਰ (ਜਤਿੰਦਰ ਪਾਲ ਸਿੰਘ)- ਵੱਡੇ ਪੱਧਰ ’ਤੇ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਟਰੈਕਟਰ-ਟਰਾਲੇ ਜਿੱਥੇ ਕਥਿਤ ਤੌਰ ’ਤੇ ਟੈਕਸ ਚੋਰੀ ਦਾ ਸਾਧਨ ਬਣ ਰਹੇ ਹਨ ਉੱਥੇ ਹੀ ਇਹ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ। ਖੇਤੀਬਾੜੀ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਟਰੈਕਟਰ-ਟਰਾਲੀਆਂ ਦੀ ਵਰਤੋਂ ਹੁਣ ਮੰਡੀਆਂ ਵਿਚੋਂ ਝੋਨੇ ਤੇ ਹੋਰ ਫ਼ਸਲਾਂ ਦੀਆਂ ਬੋਰੀਆਂ ਦੀ ਢੋਆ-ਢੁਆਈ ਕਰਨ, ਮਿੱਟੀ, ਰੇਤਾ, ਬਜਰੀ ਤੇ ਹੋਰ ਨਿਰਮਾਣ ਸਮਗਰੀ ਲਿਜਾਉਣ ਵਰਗੇ ਵਪਾਰਕ ਕੰਮਾਂ ਲਈ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।
ਜਲਾਲਾਬਾਦ, 30 ਅਕਤੂਬਰ (ਜਤਿੰਦਰ ਪਾਲ ਸਿੰਘ)- ਵੱਡੇ ਪੱਧਰ ’ਤੇ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਟਰੈਕਟਰ-ਟਰਾਲੇ ਜਿੱਥੇ ਕਥਿਤ ਤੌਰ ’ਤੇ ਟੈਕਸ ਚੋਰੀ ਦਾ ਸਾਧਨ ਬਣ ਰਹੇ ਹਨ ਉੱਥੇ ਹੀ ਇਹ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ। ਖੇਤੀਬਾੜੀ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਟਰੈਕਟਰ-ਟਰਾਲੀਆਂ ਦੀ ਵਰਤੋਂ ਹੁਣ ਮੰਡੀਆਂ ਵਿਚੋਂ ਝੋਨੇ ਤੇ ਹੋਰ ਫ਼ਸਲਾਂ ਦੀਆਂ ਬੋਰੀਆਂ ਦੀ ਢੋਆ-ਢੁਆਈ ਕਰਨ, ਮਿੱਟੀ, ਰੇਤਾ, ਬਜਰੀ ਤੇ ਹੋਰ ਨਿਰਮਾਣ ਸਮਗਰੀ ਲਿਜਾਉਣ ਵਰਗੇ ਵਪਾਰਕ ਕੰਮਾਂ ਲਈ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਵਪਾਰਕ ਵਰਤੋਂ ਕਰਨ ਦੇ ਬਾਵਜੂਦ ਕਈ ਟਰੈਕਟਰ-ਟਰਾਲੇ ਲੋੜੀਂਦੇ ਦਸਤਾਵੇਜ਼ਾਂ ਤੇ ਸੁਰੱਖਿਆ ਪ੍ਰਬੰਧਾਂ ਤੋਂ ਬਿਨਾਂ ਹੀ ਸੜਕਾਂ ’ਤੇ ਦੌੜਦੇ ਨਜ਼ਰ ਆਉਂਦੇ ਹਨ। ਇਨ੍ਹਾਂ ਕੋਲ ਆਵਾਜਾਈ ਲਈ ਲੋੜੀਂਦੇ ਪਰਮਿਟ ਅਤੇ ਹੋਰ ਦਸਤਾਵੇਜ਼ ਹੋਣ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਕਾਰਨ ਸਰਕਾਰ ਨੂੰ ਬਣਦੇ ਟੈਕਸ ਅਤੇ ਫ਼ੀਸਾਂ ਦੀ ਵਸੂਲੀ ਸਬੰਧੀ ਵੀ ਜਾਂਚ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਟਰੈਕਟਰਾਂ ਤੇ ਟਰਾਲੀਆਂ ’ਤੇ ਨੰਬਰ ਪਲੇਟਾਂ ਤੱਕ ਨਹੀਂ ਲੱਗੀਆਂ ਹੁੰਦੀਆਂ ਤੇ ਟਰਾਲੀਆਂ ਦੇ ਪਿਛਲੇ ਪਾਸੇ ਲੋੜੀਂਦੀਆਂ ਰਿਫ਼ਲੈਕਟਰ ਲਾਈਟਾਂ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਵੀ ਘਾਟ ਦਿਖਾਈ ਦਿੰਦੀ ਹੈ। ਖ਼ਾਸ ਕਰਕੇ ਰਾਤ ਸਮੇਂ ਜਾਂ ਧੁੰਦ ਦੇ ਮੌਸਮ ਵਿਚ ਬਿਨਾਂ ਲਾਈਟਾਂ ਤੇ ਰਿਫ਼ਲੈਕਟਰ ਵਾਲੀਆਂ ਟਰਾਲੀਆਂ ਪਿੱਛੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਦੂਰੋਂ ਦਿਖਾਈ ਨਹੀਂ ਦਿੰਦੀਆਂ, ਜਿਸ ਕਾਰਨ ਪਿੱਛੇ ਤੋਂ ਟੱਕਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਮੰਡੀਆਂ ਦੇ ਸੀਜ਼ਨ ਦੌਰਾਨ ਇਨ੍ਹਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ। ਇਕ ਪਾਸੇ ਮੰਡੀਆਂ ਵਿਚ ਫ਼ਸਲ ਦੀ ਢੋਆ-ਢੁਆਈ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ’ਤੇ ਵੱਧ ਭਾਰ ਵਾਲੇ ਟਰਾਲੀਆਂ ਦੀ ਆਵਾਜਾਈ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਕਈ ਟਰੈਕਟਰ-ਟਰਾਲੀਆਂ ਵਿਚ ਉਨ੍ਹਾਂ ਦੀ ਸਮਰੱਥਾ ਤੋਂ ਕਿਤੇ ਵੱਧ ਭਾਰ ਲੱਦਿਆ ਜਾਂਦਾ ਹੈ। ਜ਼ਿਆਦਾ ਭਾਰ ਹੋਣ ਕਾਰਨ ਟਰੈਕਟਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਸੜਕ ’ਤੇ ਮੋੜ ਕੱਟਣ, ਬਰੇਕ ਲਗਾਉਣ ਜਾਂ ਚੜ੍ਹਾਈ ਚੜ੍ਹਨ ਸਮੇਂ ਹਾਦਸੇ ਵਾਪਰਨ ਦਾ ਖ਼ਦਸ਼ਾ ਵਧ ਜਾਂਦਾ ਹੈ। ਕਈ ਵਾਰ ਥੋੜ੍ਹੀ ਜਿਹੀ ਚੜ੍ਹਾਈ ’ਤੇ ਵੀ ਵੱਧ ਭਾਰ ਨਾਲ ਭਰੇ ਟਰੈਕਟਰ-ਟਰਾਲੇ ਪਿੱਛੇ ਵੱਲ ਖਿਸਕਦੇ ਜਾਂ ਬੇਕਾਬੂ ਹੁੰਦੇ ਦਿਖਾਈ ਦਿੰਦੇ ਹਨ, ਜਿਸ ਨਾਲ ਨੇੜੇ ਚੱਲ ਰਹੇ ਹੋਰ ਵਾਹਨਾਂ ਤੇ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਸ਼ਹਿਰਵਾਸੀਆਂ ਵਲੋਂ ਮੰਗ ਕੀਤੀ ਗਈ ਕਿ ਟਰੈਕਟਰ ਟਰਾਲੀਆਂ ਦੀ ਇਸ ਅਣਅਧਿਕਾਰਤ ਵਰਤੋਂ ਤੇ ਪਾਬੰਦੀ ਲਗਾਈ ਜਾਵੇ।