16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ’ਚ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ’ਤੇ ਫ਼ਾਜ਼ਿਲਕਾ ਵਿਚ ਪੂਰਨ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਮੁੱਚੇ ਬਾਜ਼ਾਰ ਸਵੇਰ ਤੋਂ ਹੀ ਮੁਕੰਮਲ ਤੌਰ ’ਤੇ ਬੰਦ ਰਹੇ।

Ad Position 21
No active advertisement
ਅਬੋਹਰ ਵਿਖੇ ਬਾਜ਼ਾਰ ਨੰਬਰ 12 ਵਿਖੇ ਧਰਨਾ ਦਿੰਦੇ ਹੋਏ ਕਿਸਾਨ ਆਗੂ ਤੇ ਵਪਾਰੀ ਵਰਗ। ਅਜੀਤ ਤਸਵੀਰ ਪੰਜਾਬ ਬੰਦ ਦੇ ਸੱਦੇ ਦੌਰਾਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ। ਅਰਨੀਵਾਲਾ ਵਿਚ ਧਰਨੇ ’ਤੇ ਬੈਠੇ ਹੋਏ ਇਲਾਕਾ ਵਾਸੀ। ਅਜੀਤ ਤਸਵੀਰ ਰੋਸ ਮਾਰਚ ਕੱਢਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ-ਜਸਕਰਨ ਸਿੰਘ ਤਨੇਜਾ 16-10-2026

ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ’ਤੇ ਫ਼ਾਜ਼ਿਲਕਾ ਵਿਚ ਪੂਰਨ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਮੁੱਚੇ ਬਾਜ਼ਾਰ ਸਵੇਰ ਤੋਂ ਹੀ ਮੁਕੰਮਲ ਤੌਰ ’ਤੇ ਬੰਦ ਰਹੇ। ਬੰਦ ਨੂੰ ਸਫਲ ਬਣਾਉਣ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਲਈ ਵੱਖ-ਵੱਖ ਕਿਸਾਨ, ਵਿਦਿਆਰਥੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸਰਗਰਮ ਭੂਮਿਕਾ ਨਿਭਾਈ। ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਕੁੱਝ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਗਿਆ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਕਾਰਵਾਈ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਿਦਿਆਰਥੀ ਯੂਨੀਅਨਾਂ ਦੇ ਸਮਰਥਨ ਨਾਲ ਇਕੱਠੇ ਹੋਏ ਅਤੇ ਸ਼ਹਿਰ ਵਿਚ ਜ਼ੋਰਦਾਰ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੁਪਹਿਰ 2 ਵਜੇ ਤੱਕ ਅਬੋਹਰ ਰੋਡ ਸਥਿਤ ਨੈਸ਼ਨਲ ਹਾਈਵੇਅ ਦੇ ਫ਼ਲਾਈ ਓਵਰ ਉੱਪਰ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਰੱਖੀ। ਧਰਨੇ ਦੌਰਾਨ ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੇ ਪੰਜਾਬ ਦੇ ਡੀ.ਜੀ.ਪੀ. ਦੇ ਅਸਤੀਫ਼ੇ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਾਮਲੇ ਵਿਚ ਜਲਦ ਤੋਂ ਜਲਦ ਇਨਸਾਫ਼ ਯਕੀਨੀ ਬਣਾਇਆ ਜਾਵੇ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਦੇ ਢੁਕਵੀਂ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨ ਦੇ ਮੱਦੇਨਜ਼ਰ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਸਨ ਅਤੇ ਭਾਰੀ ਪੁਲਿਸ ਬਲ ਤਾਇਨਾਤ ਰਿਹਾ। ਹਾਈਵੇਅ ਜਾਮ ਹੋਣ ਕਾਰਨ ਆਮ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਪਰ ਪ੍ਰਦਰਸ਼ਨਕਾਰੀਆਂ ਨੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਐਂਬੂਲੈਂਸਾਂ ਅਤੇ ਫ਼ੌਜੀ ਵਾਹਨਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਬਿਨਾਂ ਰੋਕ-ਟੋਕ ਲੰਘਣ ਦਾ ਰਸਤਾ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫ਼ਾਜ਼ਿਲਕਾ, ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰ ਸੋਨਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਹਰੀਸ਼ ਨੱਢਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਹਰੀਸ਼ ਮਾਸਟਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਵਿਪਨ ਢੋਟ, ਜਮਹੂਰੀ ਕਿਸਾਨ ਸਭਾ ਦੇ ਆਗੂ ਰਮੇਸ਼ ਵਡੇਰਾ, ਲਖਵੀਰ ਸਿੰਘ ਨੋਨਾ ਬਰਾੜ, ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਦਵਿੰਦਰ ਸਿੰਘ ਕਮਾਲ ਵਾਲਾ, ਗੀਤਕਾਰ ਧੀਰਾ ਬਰਾੜ, ਮਨਦੀਪ ਕੰਬੋਜ, ਬਲਜਿੰਦਰ ਸਿੰਘ, ਬਲਜੀਤ ਸਿੰਘ ਆਗੂ ਹਾਜ਼ਰ ਸਨ। ਅਬੋਹਰ ਦੇ ਵਕੀਲਾਂ ਨੇ ਵੀ ਪੰਜਾਬ ਬੰਦ ਦੇ ਸੱਦੇ ਨੂੰ ਦਿੱਤਾ ਸਮਰਥਨ ਅਬੋਹਰ, (ਤੇਜਿੰਦਰ ਸਿੰਘ ਖ਼ਾਲਸਾ) - ਸੰਘਰਸ਼ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਬੋਹਰ ਦੇ ਵਕੀਲ ਭਾਈਚਾਰੇ ਵਲੋਂ ਵੀ ਸਮਰਥਨ ਦਿੱਤਾ ਗਿਆ। ਅਬੋਹਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਆਪਣੇ ਕੰਮਕਾਜ ਠੱਪ ਰੱਖਦੇ ਹੋਏ ਇੱਕਜੁੱਟਤਾ ਪ੍ਰਗਟਾਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ, ਜੋ ਸੂਬੇ ਦੀ ਨੌਜਵਾਨ ਪੀੜ੍ਹੀ ਅਤੇ ਸਮਾਜ ਦੇ ਭਵਿੱਖ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਹ ਲੜਾਈ ਕਿਸੇ ਇਕ ਵਿਅਕਤੀ ਜਾਂ ਜਥੇਬੰਦੀ ਦੀ ਨਹੀਂ, ਸਗੋਂ ਸਮੁੱਚੇ ਪੰਜਾਬ ਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਅਨੇਕਾਂ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਰਿਹਾ ਹੈ। ਇਸ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ਿਆਂ ਵਿਰੁੱਧ ਇਸ ਸੰਘਰਸ਼ ਵਿਚ ਵਕੀਲ ਭਾਈਚਾਰਾ ਆਪਣੀ ਸਮਰੱਥਾ ਅਨੁਸਾਰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੀ ਉਪ ਪ੍ਰਧਾਨ ਐਡਵੋਕੇਟ ਸ਼ਰੂਤੀ ਭੀਮਵਾਲ, ਸਕੱਤਰ ਐਡਵੋਕੇਟ ਗੌਰਵ ਧੂੜੀਆ, ਜੁਆਇੰਟ ਸਕੱਤਰ ਐਡਵੋਕੇਟ ਨੇਹਾ ਸ਼੍ਰੀ ਤੇ ਕੈਸ਼ੀਅਰ ਐਡਵੋਕੇਟ ਰਿਧਮ ਵਧਵਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਐਡਵੋਕੇਟ ਹਰਪ੍ਰੀਤ ਸਿੰਘ, ਅਨੰਦ ਗੁਪਤਾ, ਅੰਮ੍ਰਿਤਪਾਲ ਸਿੰਘ ਤਿੰਨਾ, ਦਵਿੰਦਰ ਸਿੰਘ ਸੰਧੂ, ਅਮਿਤ ਅਸੀਜਾ ਬਾਵਾ, ਪ੍ਰਭਜੋਤ ਸਿੰਘ ਕਾਲੜਾ, ਹਰਮਿੰਦਰ ਪਾਲ ਸਿੰਘ ਬਜਾਜ, ਸੁਖਜੀਤ ਸਿੰਘ ਦਾਨੇਵਾਲੀਆ, ਤੇਜਿੰਦਰ ਸਿੰਘ ਖ਼ਾਲਸਾ, ਤਰਜਿੰਦਰ ਸ਼ਰਮਾ, ਸਿਕੰਦਰ ਕਪੂਰ, ਸੁਨੀਲ ਕੜਵਾਸਰਾ, ਕਪਿਲ ਦੇਵ, ਸ਼ਾਮ ਸੁੰਦਰ, ਅਭਿਸ਼ੇਕ ਸਤੀਜਾ, ਗੁਰਜਿੰਦਰ ਸਿੰਘ ਕਾਲੜਾ, ਅਰਵਿੰਦ, ਪੰਕਜ, ਪ੍ਰਿੰਸ ਰਾਸਰਾਣੀਆ, ਅੰਜਲੀ ਨਾਗਪਾਲ, ਸ਼ਾਲੂ, ਸੁਨੀਲ ਮਹਿਰਾ, ਸੂਰਜ ਸੋਨੀ, ਰਜਤ ਥਰੇਜਾ ਪੰਕਜ ਕੁਮਾਰ, ਅਰਵਿੰਦ ਚੌਧਰੀ, ਮਨੀਸ਼ ਸਹਾਰਨ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਕਾਲੜਾ ਬਿੱਟੂ, ਮੁਕੇਸ਼ ਕੁਮਾਰ ਲੱਕੀ, ਗੌਰਵ ਬਜਾਜ ਜੈਸਮੀਨ ਬਿਸ਼ਨੋਈ, ਗੌਤਮ ਕਪੂਰ, ਕੁਲਦੀਪ ਸਿੰਘ ਸਿੱਧੂ, ਵਰਿੰਦਰ ਸਿੰਘ ਸੰਧੂ, ਗੋਰੀ ਸ਼ੰਕਰ ਮਾਕੜ, ਸਰਵਣ ਕੁਮਾਰ, ਸੰਦੀਪ ਬਜਾਜ, ਸੁਨੀਲ ਕੰਬੋਜ, ਵਿਵੇਕ ਗੁਲਬੱਧਰ, ਅਮਿਤ ਘੋੜੇਲਾ, ਆਸ਼ੀਸ਼ ਪੂਨੀਆ, ਸੰਜੀਵ ਬਜਾਜ, ਸੂਰਿਆ ਪ੍ਰਕਾਸ਼ ਝਾਂਜੜੀਆ, ਵਰਿੰਦਰ ਭਾਟੀ, ਅਨੀਸ਼ ਬਿਸ਼ਨੋਈ, ਵਿਕਾਸ ਕੌਸ਼ਲ, ਰਾਜਾ ਮਿੱਢਾ, ਭੂਪ ਰਾਮ, ਸੁਖਬੀਰ ਕੌਰ, ਕਿਰਨ ਸ਼ਰਮਾ ਸਮੇਤ ਹੋਰ ਵਕੀਲ ਵੀ ਹਾਜ਼ਰ ਸਨ। ਮੰਡੀ ਲਾਧੂਕਾ ’ਚ ਬੰਦ ਰਿਹਾ ਸਫਲ ਮੰਡੀ ਲਾਧੂਕਾ, (ਰਾਕੇਸ਼ ਛਾਬੜਾ)- ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਮੰਡੀ ਵਿਚ ਬਾਜ਼ਾਰ ਅਤੇ ਵਪਾਰਕ ਅਦਾਰੇ ਬਿਲਕੁਲ ਬੰਦ ਰਹੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਐੱਫ. ਐੱਫ. ਰੋਡ ’ਤੇ ਚੱਕਾ ਜਾਮ ਕੀਤਾ ਗਿਆ। ਇਸ ਇਕੱਠ ਨੂੰ ਬੁਲਾਰਿਆਂ ਨੇ ਸੰਬੋਧਨ ਕਰਕੇ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋਣ ਦੀ ਗੱਲ ਕਹੀ। ਇਸ ਮੌਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਰਾਕੇਸ਼ ਕੁਮਾਰ ਸ਼ਰਮਾ ਪੀ. ਪੀ. ਐੱਸ. ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪਬਲਿਕ ਦੇ ਸਾਥ ਤੋਂ ਬਗੈਰ ਪੁਲਿਸ ਕਿਸੇ ਵੀ ਬੁਰਾਈ ਨੂੰ ਖ਼ਤਮ ਨਹੀਂ ਕਰ ਸਕਦੀ, ਉਨ੍ਹਾਂ ਨੇ ਕਿਹਾ ਹੈ ਪੁਲਿਸ ਜੱਦੋ ਜਹਿਦ ਕਰਕੇ ਮੁਲਜ਼ਮਾਂ ਨੂੰ ਫੜਦੀ ਹੈ, ਸਿਆਸੀ ਲੋਕ ਉਸ ਨੂੰ ਤੁਰੰਤ ਛਡਵਾਉਣ ਲਈ ਥਾਣਿਆਂ ਵਿਚ ਪਹੁੰਚ ਜਾਂਦੇ ਹਨ। ਮੰਡੀ ਰੋੜਾਂਵਾਲੀ ’ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)- ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋਂ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦੁਆਉਣ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਮੰਡੀ ਰੋੜਾਂਵਾਲੀ ਵਿਖੇ ਭਰਵਾਂ ਹੁੰਗਾਰਾ ਮਿਲਿਆ ਹੈ। ਮੈਡੀਕਲਾਂ, ਸਰਕਾਰੀ ਸਕੂਲਾਂ ਤੇ ਬੈਂਕਾਂ ਨੂੰ ਛੱਡ ਕੇ ਮੰਡੀ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਸਕੂਲ ਮਾਲਕਾਂ ਵਲੋਂ ਆਪਣੇ ਪ੍ਰਾਈਵੇਟ ਸਕੂਲ ਵੀ ਬੰਦ ਰੱਖੇ ਗਏ। ਪੰਜਾਬ ਬੰਦ ਦੌਰਾਨ ਵੱਖ-ਵੱਖ ਸ਼ਹਿਰਾਂ ਜਲਾਲਾਬਾਦ, ਫ਼ਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਅਬੋਹਰ, ਚੰਡੀਗੜ੍ਹ, ਸ਼੍ਰੀ ਅੰਮ੍ਰਿਤਸਰ ਸਾਹਿਬ ਆਦਿ ਨੂੰ ਚੱਲਣ ਵਾਲੀਆਂ ਸਮੂਹ ਬੱਸਾਂ ਬੰਦ ਰਹੀਆਂ ਜਦੋਂ ਕਿ ਯਾਤਰੀ ਰੇਲ ਗੱਡੀਆਂ ਆਮ ਵਾਂਗ ਚੱਲਦੀਆਂ ਰਹੀਆਂ। ਦੁੱਧ ਦੀਆਂ ਡੇਅਰੀਆਂ ਤੇ ਹੋਟਲ ਬੰਦ ਰਹਿਣ ਕਰਕੇ ਲੋਕਾਂ ਨੂੰ ਦੁੱਧ ਨਾ ਮਿਲਣ ਕਾਰਨ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜਲਾਲਾਬਾਦ ਪੂਰਨ ਤੌਰ ’ਤੇ ਰਿਹਾ ਬੰਦ ਜਲਾਲਾਬਾਦ, (ਜਸਕਰਨ ਸਿੰਘ ਤਨੇਜਾ/ਕਰਨ ਚੁਚਰਾ)- ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦਾ ਅਸਰ ਜਲਾਲਾਬਾਦ ਸ਼ਹਿਰ ਵਿਚ ਵੀ ਦੇਖਣ ਨੂੰ ਮਿਲਿਆ। ਇਸ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਸ਼ਹਿਰ ਦੇ ਦੁਕਾਨਦਾਰਾਂ, ਵਪਾਰ ਮੰਡਲ, ਕਿਸਾਨ ਯੂਨੀਅਨਾਂ ਅਤੇ ਵੱਖ-ਵੱਖ ਸਮਾਜਿਕ ਤੇ ਹੋਰ ਜਥੇਬੰਦੀਆਂ ਨੇ ਆਪਣਾ ਸਹਿਯੋਗ ਦਿੱਤਾ। ਸ਼ਹਿਰ ਦੇ ਵਪਾਰ ਮੰਡਲ ਅਤੇ ਦੁਕਾਨਦਾਰਾਂ ਵਲੋਂ ਦਿੱਤਾ ਗਿਆ ਸਮਰਥਨ ਇਸ ਬੰਦ ਦੀ ਕਾਲ ਦਾ ਅਹਿਮ ਹਿੱਸਾ ਰਿਹਾ। ਇਸੇ ਤਰ੍ਹਾਂ ਕਿਸਾਨ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਨੇ ਵੀ ਬੰਦ ਦੇ ਸੱਦੇ ਨਾਲ ਸਹਿਯੋਗ ਪ੍ਰਗਟਾਇਆ। ਗੁਰਪ੍ਰੀਤ ਸਿੰਘ ਘਾਂਗਾ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਲਾਲਾਬਾਦ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਵਾਰਿਸ ਪੰਜਾਬ ਟੀਮ ਦਾ ਇਕ ਅਹਿਮ ਹਿੱਸਾ ਸੀ, ਜਿੰਨਾ ਚਿਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਚਿਰ ’ਤੇ ਟਿਕ ਕੇ ਨਹੀਂ ਬੈਠਾਂਗੇ। ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਭਾਈ ਗੁਰਪ੍ਰੀਤ ਸਿੰਘ ਘਾਂਗਾ, ਮਨਪ੍ਰੀਤ ਸਿੰਘ ਕਾਦੀਆਂ, ਸੁਖਚੈਨ ਸਿੰਘ ਰਿੰਕੂ ਖ਼ਾਲਸਾ ਤੇ ਸਮੂਹ ਵਰਕਰਾਂ ਨਾਲ ਲੈ ਕੇ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ। ਦੂਸਰਾ ਰੋਸ ਮਾਰਚ ਕਿਸਾਨ ਜਥੇਬੰਦੀਆਂ ਦੇ ਆਗੂ ਅਸ਼ੋਕ ਕੰਬੋਜ, ਸੁਰਿੰਦਰ ਢੰਡੀਆਂ, ਜੋਗਾ ਸਿੰਘ, ਹੰਸਰਾਜ ਗੋਲਡਨ, ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ, ਕਾਕਾ ਸਿਡਾਨਾ, ਰਮਨ, ਸਹਿਜਪਾਲ ਸਿੰਘ ਬਰਾੜ, ਅਮਰਜੀਤ ਸਿੰਘ ਤੇ ਸਮੂਹ ਵਰਕਰਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਤਹਿਤ ਲੱਗਣ ਵਾਲੇ ਸਕਰੀਨਿੰਗ ਕੈਂਪਾਂ ਦਾ ਸ਼ੈਡਿਊਲ ਜਾਰੀ ਅਗਲੀ ਖ਼ਬਰ ਅਬੋਹਰ ’ਚ ਪੰਜਾਬ ਬੰਦ ਦਾ ਰਿਹਾ ਭਰਵਾਂ ਅਸਰ
Ad Position 24