ਐਨ.ਐਚ.ਐਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ
ਗੁਰਦਾਸਪੁਰ, 20 ਨਵੰਬਰ (ਗੁਰਪ੍ਰਤਾਪ ਸਿੰਘ)- ਐਨ. ਐਚ.
ਗੁਰਦਾਸਪੁਰ, 20 ਨਵੰਬਰ (ਗੁਰਪ੍ਰਤਾਪ ਸਿੰਘ)- ਐਨ.ਐਚ.ਐਮ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ 4 ਨਵੰਬਰ ਤੋਂ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ 23ਜ਼ਿਲ੍ਹਿਆਂ ਵਿਚ ਸੂਬਾ ਪੱਧਰੀ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਕਾਰਨ ਪੰਜਾਬ ਦੀ ਰੂਰਲ ਤੇ ਅਰਬਨ ਦੋਵਾਂ ਆਬਾਦੀਆਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਵਿਚ ਸੀ.ਐਚ.ਓ., ਏ.ਐਨ.ਐਮ., ਆਰ.ਬੀ.ਐਸ.ਕੇ. ਟੀਮਾਂ, ਏ.ਐਮ.ਓ. ਸਟਾਫ਼ ਨਰਸਾਂ, ਫਾਰਮੇਸੀ ਅਫ਼ਸਰ, ਟੀ.ਬੀ. ਸਟਾਫ਼, ਲੈਬ ਟੈਕਨੀਸ਼ੀਅਨ, ਆਈ.ਡੀ.ਐਸ.ਪੀ., ਪੀ.ਐਨ.ਡੀ.ਟੀ, ਦਫ਼ਤਰੀ ਸਟਾਫ਼ ਤੇ ਹੋਰ ਕੈਡਰ ਸ਼ਾਮਿਲ ਹਨ। ਇਸ ਹੜਤਾਲ ਕਾਰਨ ਲਗਪਗ 2000 ਆਯੂਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਓ.ਪੀ.ਡੀ. ਸੇਵਾਵਾਂ, ਰੁਟੀਨ ਜਾਂਚ, ਦਵਾਈਆਂ ਦੀ ਵੰਡ, ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਤੇ ਟੀ.ਬੀ. ਸਕ੍ਰੀਨਿੰਗ ਪ੍ਰਭਾਵਿਤ ਹੋ ਰਹੀ ਹੈ। ਜਦੋਂ ਕਿ ਪੇਂਡੂ ਖੇਤਰਾਂ ਦੇ 12-13 ਹਜ਼ਾਰ ਪਿੰਡਾਂ ਤੇ ਸ਼ਹਿਰੀ ਖੇਤਰਾਂ ਦੀ ਲਗਪਗ 1 ਕਰੋੜ ਆਬਾਦੀ ਤੱਕ ਪਹੁੰਚਣ ਵਾਲੀਆਂ ਸਿਹਤ ਸੇਵਾਵਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ ਗਰੀਬ, ਮੱਧਵਰਗੀ ਪਰਿਵਾਰਾਂ, ਬਜ਼ੁਰਗਾਂ ਤੇ ਆਮ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ 27,000 ਆਂਗਣਵਾੜੀ ਕੇਂਦਰਾਂ ਤੇ 20,000 ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨਾਲ ਜੁੜੀਆਂ ਸਿਹਤ ਗਤੀਵਿਧੀਆਂ ਪ੍ਰਭਾਵਿਤ ਹਨ। ਇਸ ਹੜਤਾਲ ਕਾਰਨ ਬੱਚਿਆਂ ਦੀ ਸਿਹਤ ਜਾਂਚ, ਹੀਮੋਗਲੋਬਿਨ ਟੈਸਟ, ਬਿਮਾਰੀਆਂ ਦੀ ਸ਼ੁਰੂਆਤੀ ਪਹਿਚਾਣ ਤੇ ਰੈਫਰਲ ਸੇਵਾਵਾਂ ਵਿਚ ਵਿਘਨ ਪੈ ਰਿਹਾ ਹੈ। ਇਸ ਦੇ ਨਾਲ ਅਨੀਮੀਆ ਮੁਕਤ ਭਾਰਤ ਅਭਿਆਨ ਤਹਿਤ ਬੱਚਿਆਂ, ਕਿਸ਼ੋਰ-ਕਿਸ਼ੋਰੀਆਂ ਤੇ ਗਰਭਵਤੀ ਔਰਤਾਂ ਦੀ ਅਨੀਮੀਆ ਜਾਂਚ ਤੇ ਰੋਕਥਾਮ, ਆਈ.ਡੀ.ਐਸ.ਪੀ. ਅਧੀਨ ਡੇਂਗੂ ਤੇ ਚਿਕਨਗੁਨੀਆ ਦੇ ELISA ਟੈਸਟ, ਬਿਮਾਰੀਆਂ ਦੀ ਨਿਗਰਾਨੀ ਤੇ ਰਿਪੋਰਟਿੰਗ ਪ੍ਰਭਾਵਿਤ ਹੋ ਰਹੀ ਹੈ। ਜ਼ਿਲ੍ਹਿਆਂ ਤੋਂ ਸੂਬਾ ਪੱਧਰ ਦੀ ਰਿਪੋਰਟਿੰਗ ਅਤੇ ਕਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਮਾਨੀਟਰਿੰਗ ਵਿਚ ਵੀ ਰੁਕਾਵਟ ਪੈ ਰਹੀ ਹੈ। ਯੂਨੀਅਨ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ, ਸਿਹਤ ਮੰਤਰੀ ਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਆਗੂਆਂ ਨੇ ਦੱਸਿਆ ਕਿ 20 ਤੇ 23 ਨਵੰਬਰ ਨੂੰ ਐਨ.ਐਚ.ਐਮ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਮੁੱਖ ਦਫ਼ਤਰ ਦੇ ਅਫਸਰ ਇਕ ਪੁਖ਼ਤਾ ਮੁਲਾਜ਼ਮ ਹਿਤ ਪਲਾਨ ਬਣਾ ਕੇ 25 ਤਾਰੀਕ ਦੀ ਹੋ ਰਹੀ ਭਲਾਈ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕਰ ਸਕਣ ਤੇ ਸਰਕਾਰ ਮੁਲਾਜ਼ਮ ਹਿਤ ਮੰਗਾ ਨੂੰ ਮਨਜ਼ੂਰ ਕਰ ਸਕੇ। ਆਗੂਆਂ ਨੇ ਕਿਹਾ ਜੇਕਰ 25 ਨਵੰਬਰ ਦੀ ਮੀਟਿੰਗ ਵਿਚ ਕੋਈ ਪੁਖਤਾ ਹੱਲ ਨਾ ਨਿਕਲਿਆ ਤਾਂ 27 ਤੋਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ: ਵਿਕਰਮ ਸੂਰੀ ਜਿਲ੍ਹਾ ਪ੍ਰਧਾਨ, ਡਾ: ਗਗਨਦੀਪ ਸਿੰਘ, ਡਾ: ਰਾਜੇਸ਼, ਡਾ: ਆਸ਼ਾ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਸ਼ਵਨੀ ਕੁਮਾਰ, ਮਧੂ, ਪੂਨਮ ਆਦਿ ਹਾਜ਼ਰ ਸਨ।