ਬੀ.ਡੀ.ਪੀ.ਓ ਖ਼ਿਲਾਫ਼ ਕਸਬਾ ਕਲਾਨੌਰ ਦੇ ਕੁਝ ਲੋਕਾਂ ਨੇ ਖੋਲਿਆ ਮੋਰਚਾ
ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਕਲਾਨੌਰ ਬਲਾਕ ਨਾਲ ਸਬੰਧਿਤ ਮੌਜੂਦਾ ਪੰਚਾਇਤਾਂ ਤੇ ਕੁਝ ਲੋਕਾਂ ਵਲੋਂ ਬੀ. ਡੀ.
ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਕਲਾਨੌਰ ਬਲਾਕ ਨਾਲ ਸਬੰਧਿਤ ਮੌਜੂਦਾ ਪੰਚਾਇਤਾਂ ਤੇ ਕੁਝ ਲੋਕਾਂ ਵਲੋਂ ਬੀ.ਡੀ.ਪੀ.ਓ ਕਲਾਨੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਬੀ.ਡੀ.ਪੀ.ਓ ਉੱਪਰ ਵਿਕਾਸ ਕਾਰਜਾਂ ਲਈ ਆਉਣ ਵਾਲੀਆਂ ਗ੍ਰਾਂਟਾਂ ’ਚ ਕਥਿਤ ਧਾਂਦਲੀ ਕਰਨ ਤੇ ਗ੍ਰਾਂਟਾਂ ਵਿਚ ਹਿੱਸਾ ਮੰਗਣ ਵਰਗੇ ਗੰਭੀਰ ਦੋਸ਼ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕਲਾਨੌਰ ਬਲਾਕ ’ਚ ਵਿਕਾਸ ਕਾਰਜਾਂ ਲਈ ਆਈ ਰਕਮ ਦੀ ਕਥਿਤ ਤੌਰ ’ਤੇ ਸਹੀ ਵਰਤੋਂ ਨਹੀਂ ਕੀਤੀ ਗਈ ਤੇ ਵਿਕਾਸ ਕਾਰਜਾਂ ਦੇ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਕਰਵਾ ਕੇ ਤੱਥ ਸਾਹਮਣੇ ਲਿਆਂਦੇ ਜਾਣ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਦੇ ਨਾਮ ਸਹਾਇਕ ਕਮਿਸ਼ਨਰ ਕੁਲਦੀਪ ਚੰਦ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ’ਚ ਉਨ੍ਹਾਂ ਕਲਾਨੌਰ ਬਲਾਕ ’ਚ ਗ੍ਰਾਂਟਾਂ ਤੇ ਵਿਕਾਸ ਕਾਰਜਾਂ ਸਬੰਧੀ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ-ਦੋ ਦਿਨਾਂ ਦੇ ਅੰਦਰ ਮਾਮਲੇ ’ਚ ਬਣਦੀ ਕਾਰਵਾਈ ਕਰਕੇ ਇਨਸਾਫ਼ ਨਾ ਦਿੱਤਾ ਤਾਂ ਕਲਾਨੌਰ ’ਚ ਪੱਕਾ ਧਰਨਾ ਲਗਾ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਖੋਲ੍ਹੇ ਜਾਣ ਵਾਲੇ ਮੋਰਚੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।ਦੂਜੇ ਪਾਸੇ ਕਲਾਨੌਰ ਦੇ ਬੀ.ਡੀ.ਪੀ.ਓ ਸੁਰਜੀਤ ਸਿੰਘ ਬਰਾੜ ਨੇ ਵੀ ਕੈਮਰੇ ਸਾਹਮਣੇ ਆ ਕੇ ਆਪਣੇ ਉੱਪਰ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਸਾਜ਼ਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਦੀ ਗਲਤ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸਹਾਇਕ ਕਮਿਸ਼ਨਰ ਕੁਲਦੀਪ ਚੰਦ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ।