ਦੀਨਾਨਗਰ ᾿’ ਚ ਪਾਵਰਕਾਮ ਪ੍ਰਬੰਧ ਰੱਬ ਆਸਰੇ
ਦੀਨਾਨਗਰ, 18 ਅਗਸਤ (ਸ਼ਾਮ ਸਿੰਘ ਘੁੰਮਣ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਸਰਹੱਦੀ ਖੇਤਰ ਦੀਨਾਨਗਰ ਵਿਖੇ ਖੋਖਲੇ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਪਾਵਰਕਾਮ ਸਬ ਡਵੀਜ਼ਨ ਦੀਨਾਨਗਰ ਇਸ ਵੇਲੇ ਸਟਾਫ਼ ਦੀ ਭਾਰੀ ਕਮੀ ਦੇ ਗੰਭੀਰ ਦੌਰ ’ਚੋਂ ਲੰਘ ਰਿਹਾ ਹੈ।
ਪ
ਪਾਵਰਕਾਮ ਸਬ ਡਵੀਜ਼ਨ ਦੀਨਾਨਗਰ ਦਾ ਦ੍ਰਿਸ਼।
19-08-2026
ਦੀਨਾਨਗਰ, 18 ਅਗਸਤ (ਸ਼ਾਮ ਸਿੰਘ ਘੁੰਮਣ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਸਰਹੱਦੀ ਖੇਤਰ ਦੀਨਾਨਗਰ ਵਿਖੇ ਖੋਖਲੇ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਪਾਵਰਕਾਮ ਸਬ ਡਵੀਜ਼ਨ ਦੀਨਾਨਗਰ ਇਸ ਵੇਲੇ ਸਟਾਫ਼ ਦੀ ਭਾਰੀ ਕਮੀ ਦੇ ਗੰਭੀਰ ਦੌਰ ’ਚੋਂ ਲੰਘ ਰਿਹਾ ਹੈ। ਹਾਲਾਤ ਇਸ ਹੱਦ ਤੱਕ ਨਾਜ਼ੁਕ ਹੋ ਚੁੱਕੇ ਹਨ ਕਿ ਸਬ ਡਵੀਜ਼ਨ ਦੇ ਮੁਖੀ ਭਾਵ ਐਸ.ਡੀ.ਓ ਦੀ ਮੁੱਖ ਪੋਸਟ ਵੀ ਕਰੀਬ ਪਿਛਲੇ 50 ਦਿਨਾਂ ਤੋਂ ਖਾਲੀ ਪਈ ਹੈ। ਦਫ਼ਤਰ ਦੇ ਉੱਚ ਅਧਿਕਾਰੀ ਦੀ ਗੈਰ ਮੌਜੂਦਗੀ ਤੇ ਫੀਲਡ ਸਟਾਫ਼ ਦੀ ਘਾਟ ਕਾਰਨ ਇੱਥੋਂ ਦਾ ਪੂਰਾ ਬਿਜਲੀ ਪ੍ਰਬੰਧ ਰਾਮ ਭਰੋਸੇ ਚੱਲ ਰਿਹਾ ਹੈ, ਜਿਸ ਦਾ ਸਿੱਧਾ ਖ਼ਮਿਆਜ਼ਾ ਇਲਾਕੇ ਦੇ ਹਜ਼ਾਰਾਂ ਬਿਜਲੀ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। 30 ਜੂਨ 2026 ਨੂੰ ਤਤਕਾਲੀ ਐਸ.ਡੀ.ਓ ਰਵਿੰਦਰ ਕੁਮਾਰ ਦੀ ਸੇਵਾ ਮੁਕਤੀ ਮਗਰੋਂ ਸਥਾਨਕ ਸਬ ਡਵੀਜ਼ਨ ਵਿਚ ਐਸ.ਡੀ.ਓ ਦੀ ਨਿਯੁਕਤੀ ਨਾ ਹੋਣ ਕਾਰਨ ਦਫ਼ਤਰੀ ਤੇ ਪ੍ਰਸ਼ਾਸਨਿਕ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਐਸ.ਡੀ.ਓ ਦਾ ਚਾਰਜ ਸਬ ਡਵੀਜ਼ਨ ਅਧੀਨ ਹੀ ਕੰਮ ਕਰ ਰਹੇ ਇਕ ਜੇ.ਈ. ਨੂੰ ਸੌਂਪ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਫਾਈਲਾਂ ਤੇ ਹੋਰ ਜ਼ਰੂਰੀ ਦਫ਼ਤਰੀ ਪ੍ਰਵਾਨਗੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਖਪਤਕਾਰ ਰੋਜ਼ਾਨਾ ਦਫ਼ਤਰ ਦੇ ਚੱਕਰ ਕੱਟ ਕੇ ਨਿਰਾਸ਼ ਪਰਤਣ ਲਈ ਮਜਬੂਰ ਹਨ। ਸਿਰਫ਼ ਇੰਨਾ ਹੀ ਨਹੀਂ, ਸਗੋਂ ਦਫ਼ਤਰੀ ਤੇ ਫੀਲਡ ਵਿਚ ਕੰਮ ਕਰਨ ਵਾਲੇ ਤਕਨੀਕੀ ਸਟਾਫ਼ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ। ਸਬ ਡਵੀਜ਼ਨ ਅਧੀਨ ਆਉਂਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੀ ਵੱਡੀ ਆਬਾਦੀ ਲਈ ਜੂਨੀਅਰ ਇੰਜੀਨੀਅਰ, ਲਾਈਨਮੈਨ ਤੇ ਅਸਿਸਟੈਂਟ ਲਾਈਨਮੈਨ ਦੀਆਂ 50 ਫੀਸਦੀ ਤੋਂ ਵੱਧ ਪੋਸਟਾਂ ਖਾਲੀ ਹਨ। ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਜਦੋਂ ਬਿਜਲੀ ਦੀ ਮੰਗ ਸਿਖਰ ’ਤੇ ਹੁੰਦੀ ਹੈ, ਤਾਂ ਓਵਰਲੋਡਿੰਗ ਕਾਰਨ ਰੋਜ਼ਾਨਾ ਤਾਰਾਂ ਟੁੱਟਣ, ਜੰਪਰ ਉੱਡਣ ਤੇ ਟ੍ਰਾਂਸਫਾਰਮਰਾਂ ਵਿਚ ਨੁਕਸ ਪੈਣ ਦੀਆਂ ਸੈਂਕੜੇ ਸ਼ਿਕਾਇਤਾਂ ਆਉਂਦੀਆਂ ਹਨ। ਪਰ ਸਟਾਫ਼ ਨਾ ਹੋਣ ਕਾਰਨ ਇਕ ਵਾਰ ਬਿਜਲੀ ਗੁੱਲ ਹੋਣ ’ਤੇ ਲੋਕਾਂ ਨੂੰ ਕਈ ਵਾਰ ਪੂਰਾ ਦਿਨ ਬਿਜਲੀ ਤੋਂ ਬਿਨਾਂ ਕੱਟਣਾ ਪੈ ਰਿਹਾ ਹੈ। ਮੁਲਾਜ਼ਮਾਂ ਦੀ ਕਮੀ ਕਾਰਨ ਸਬ ਡਵੀਜ਼ਨ ’ਚ ਤਾਇਨਾਤ ਮੁੱਠੀ ਭਰ ਮੌਜੂਦਾ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਹੱਦੋਂ ਵੱਧ ਗਿਆ ਹੈ। ਦਿਨ ਰਾਤ ਡਿਊਟੀ ਕਰਨ ਦੇ ਬਾਵਜੂਦ ਉਹ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਨਹੀਂ ਕਰ ਪਾ ਰਹੇ। ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਮੌਜੂਦਾ ਸਟਾਫ਼ ਨੂੰ ਅਕਸਰ ਲੋਕਾਂ ਦੇ ਤਿੱਖੇ ਵਿਰੋਧ ਤੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮੁਫ਼ਤ ਬਿਜਲੀ ਦੇ ਦਾਅਵੇ ਤਾਂ ਕਰਦੀ ਹੈ। ਪਰ ਬਿਜਲੀ ਪ੍ਰਣਾਲੀ ਨੂੰ ਸੁਧਾਰਨ ਲਈ ਲੋੜੀਂਦਾ ਸਟਾਫ਼ ਭਰਤੀ ਨਹੀਂ ਕਰ ਰਹੀ। ਲੋਕਾਂ ਨੇ ਪੰਜਾਬ ਸਰਕਾਰ ਤੇ ਪਾਰਵਕਾਮ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਖਾਲੀ ਪਈ ਐਸ.ਡੀ.ਓ ਦੀ ਪੋਸਟ ਸਣੇ ਹੋਰਨਾਂ ਪੋਸਟਾਂ ’ਤੇ ਨਿਯੁਕਤੀਆਂ ਕੀਤੀਆਂ ਜਾਣ ਤਾਂ ਜੋ ਬਿਜਲੀ ਨਾਲ ਸਬੰਧਿਤ ਲੋਕਾਂ ਦੇ ਕੰਮ ਸੁਚਾਰੂ ਢੰਗ ਨਾਲ ਚੱਲ ਸਕਣ।