ਪੀ.ਸੀ.ਐਸ. ਮੇਨਜ਼ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਭਾਜਪਾ ਵਲੋਂ ਰੋਸ ਪ੍ਰਦਰਸ਼ਨ
ਬਟਾਲਾ, 12 ਨਵੰਬਰ (ਸਤਿੰਦਰ ਸਿੰਘ)-ਪੀ. ਸੀ.
ਬਟਾਲਾ, 12 ਨਵੰਬਰ (ਸਤਿੰਦਰ ਸਿੰਘ)-ਪੀ.ਸੀ.ਐਸ. ਮੇਨਜ਼ ਪ੍ਰੀਖਿਆ 2025-26 ਨੂੰ ਲੈ ਕੇ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੁਵਾ ਮੋਰਚਾ ਦੇ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਪੂਰੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਇਹ ਰੋਸ ਪ੍ਰਦਰਸ਼ਨ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਅਰੁਣ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਯੁਵਾ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਭਾਰਤ ਮਹਾਜਨ ਤੇ ਉਪ ਪ੍ਰਧਾਨ ਆਸ਼ੂ ਅੰਬਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਪੀ.ਸੀ.ਐਸ. ਮੇਨਜ਼ ਪ੍ਰੀਖਿਆ ਨਾਲ ਜੁੜੇ ਸਵਾਲਾਂ ਤੇ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਮਿਹਨਤ ਕਰਨ ਵਾਲੇ ਯੋਗ ਨੌਜਵਾਨਾਂ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ। ਇਸ ਮੌਕੇ ਯੁਵਾ ਮੋਰਚਾ ਵਲੋਂ ਐਸ.ਡੀ.ਐਮ. ਬਟਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਵਿਚ ਪ੍ਰੀਖਿਆ ਨਾਲ ਸਬੰਧਤ ਰਿਕਾਰਡ, ਉੱਤਰ ਪੱਤਰੀਆਂ, ਅੰਕਾਂ, ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਰੱਖੀ ਗਈ।