ਡੇਰਾ ਬਾਬਾ ਬੁੱਧਦਾਸ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਇਆ ਧਾਰਮਿਕ ਸਮਾਗਮ
ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਧਾਰਮਿਕ ਸਮਾਗਮਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਮਹੰਤ ਡਾ. ਆਫ਼ਤਾਬ ਸਿੰਘ
ਬਸੀ ਪਾਠਣਾਂ, 16 ਨਵੰਬਰ (ਰਾਜਿੰਦਰ ਸ਼ਰਮਾ, ਐਚ. ਐਸ.
ਬਸੀ ਪਾਠਣਾਂ, 16 ਨਵੰਬਰ (ਰਾਜਿੰਦਰ ਸ਼ਰਮਾ, ਐਚ.ਐਸ. ਗੌਤਮ)-ਡੇਰਾ ਬਾਬਾ ਬੁੱਧਦਾਸ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਇਕ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਬਾਬਾ ਬੁੱਧ ਦਾਸ ਜੀ ਅੱਗੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਡੇਰੇ ਦੇ ਮਹੰਤ ਡਾ. ਆਫ਼ਤਾਬ ਸਿੰਘ ਬੇਟਾ ਚੇਲਾ ਸਵ. ਡਾ. ਸਿਕੰਦਰ ਸਿੰਘ ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਸਿਰਫ਼ ਪੂਜਾ-ਪਾਠ ਜਾਂ ਰਸਮਾਂ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਮਨੁੱਖ ਨੂੰ ਚੰਗੀ ਜੀਵਨ ਜਾਂਚ, ਆਪਸੀ ਪਿਆਰ, ਸੇਵਾ, ਨਿਮਰਤਾ ਅਤੇ ਸਦਾਚਾਰ ਦੀ ਸਿੱਖਿਆ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਬੇਹੱਦ ਜ਼ਰੂਰੀ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਮਾਨਦਾਰ, ਮਿਹਨਤੀ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਦੇਣ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਵੀ ਪ੍ਰੇਰਿਤ ਕਰਨ, ਤਾਂ ਜੋ ਨਵੀਂ ਪੀੜ੍ਹੀ ਆਪਣੇ ਧਰਮ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੀ ਰਹੇ। ਉਨ੍ਹਾਂ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਮੱਘਰ ਮਹੀਨੇ ਦੀ ਸੰਗਰਾਂਦ ਦੀ ਵਧਾਈ ਵੀ ਦਿੱਤੀ। ਇਸ ਮੌਕੇ ਮੁੱਖ ਸੇਵਕਾ ਰੇਨੂ ਹੈਪੀ ਨੇ ਭਗਵਾਨ ਦਾ ਗੁਣਗਾਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਗੁਰੂ ਵਲੋਂ ਦਿਖਾਏ ਸੱਚਾਈ, ਸੇਵਾ ਅਤੇ ਨੇਕ ਕਰਮਾਂ ਦੇ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਸਮਾਗਮ ਦੀ ਸਮਾਪਤੀ ਤੇ ਡੇਰੇ ਵਲੋਂ ਸਮੂਹ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ,ਜਿਸ ਵਿਚ ਸੰਗਤਾਂ ਨੇ ਸ਼ਰਧਾ ਨਾਲ ਲੰਗਰ ਛਕਿਆ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਗੁਰਸ਼ੇਰ ਸਿੰਘ, ਤ੍ਰਿਲੋਕ ਸਿੰਘ ਬਾਜਵਾ, ਰਿੰਕੂ ਬਾਜਵਾ, ਦੀਦਾਰ ਸਿੰਘ ਦਾਰੀ, ਸੁਰਿੰਦਰ ਸਿੰਘ, ਗੁਰਵਿੰਦਰ ਭੁੱਲਰ, ਗੁਰਮੇਲ ਬਾਜਵਾ, ਰੁਪਿੰਦਰ ਸੁਰਜਨ, ਪਵੇਲ ਹਾਂਡਾ ਕੌਂਸਲਰ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਰਜਿੰਦਰ ਭਨੋਟ, ਰਾਮ ਰੱਖਾ, ਭਵਨਦੀਪ ਸਿੰਘ, ਅਮਰੀਕ ਸਿੰਘ, ਰਾਕੇਸ਼ ਕੁਮਾਰ ਮੱਖਣ, ਗੁਰਨਾਮ ਕੌਰ, ਸ਼ੀਲਾ ਦੇਵੀ, ਰਾਧਾ ਰਾਣੀ, ਕਸ਼ਿਸ਼ ਥਾਪਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।