ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਨਸ਼ਾ ਮੁਕਤ ਭਾਰਤ ਲਈ ਨੌਜਵਾਨਾਂ ਨੂੰ ਲਾਮਬੰਦ ਕਰਨ ਵਾਸਤੇ ਮਿੰਨੀ ਮੈਰਾਥਨ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)-ਨਸ਼ਾ ਮੁਕਤ ਭਾਰਤ ਦੀ ਸਿਰਜਣਾ ਦੇ ਕੌਮੀ ਉਦੇਸ਼ ਪ੍ਰਤੀ ਆਪਣਾ ਅਹਿਦ ਦੁਹਰਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ’ ਮੁਹਿੰਮ ਤਹਿਤ 3. 5 ਕਿੱਲੋਮੀਟਰ ਦੀ ਮਿੰਨੀ ਮੈਰਾਥਨ ਕਰਵਾਈ ਗਈ।
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)-ਨਸ਼ਾ ਮੁਕਤ ਭਾਰਤ ਦੀ ਸਿਰਜਣਾ ਦੇ ਕੌਮੀ ਉਦੇਸ਼ ਪ੍ਰਤੀ ਆਪਣਾ ਅਹਿਦ ਦੁਹਰਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ’ ਮੁਹਿੰਮ ਤਹਿਤ 3.5 ਕਿੱਲੋਮੀਟਰ ਦੀ ਮਿੰਨੀ ਮੈਰਾਥਨ ਕਰਵਾਈ ਗਈ। ਇਸ ਮੌਕੇ ਲਗਭਗ 250 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਦੇਸ਼ ਦੇ ਵਿਕਾਸ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਤੇ ਸਾਰਥਿਕ ਸਰਗਰਮੀਆਂ ਵੱਲ ਸੇਧਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਖੇਡਾਂ ਨੂੰ ਅਨੁਸ਼ਾਸਨ, ਪੱਕੇ ਇਰਾਦੇ ਅਤੇ ਸਿਹਤਮੰਦ ਜੀਵਨ ਜਾਂਚ ਦੇ ਵਿਕਾਸ ਦਾ ਅਹਿਮ ਸਾਧਨ ਦੱਸਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਿਚ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਇਸ ਸਮਾਗਮ ਦਾ ਤਾਲਮੇਲ ਡਾ. ਹਰਨੀਤ ਬਿਲਿੰਗ, ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਕੀਤਾ ਗਿਆ, ਜਦਕਿ ਡਾ. ਬਹਾਦਰ ਸਿੰਘ, ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਨੇ ਅਹਿਮ ਭੂਮਿਕਾ ਨਿਭਾਈ। ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੀ ਰਗਬੀ ਖਿਡਾਰਨ ਅਤੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਅਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਮੌਜੂਦਗੀ ਵਿਦਿਆਰਥੀਆਂ ਲਈ ਖ਼ਾਸ ਪ੍ਰੇਰਨਾ ਦਾ ਸਰੋਤ ਰਹੀ, ਕਿਉਂਕਿ ਉਹ ਯੂਨੀਵਰਸਿਟੀ ਦੀ ਖੇਡ ਪ੍ਰਤਿਭਾ ਅਤੇ ਪ੍ਰਾਪਤੀਆਂ ਦੀ ਨੁਮਾਇੰਦਗੀ ਕਰਦੇ ਹਨ। ਡਾ. ਸਿਕੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ, ਜਦਕਿ ਮਿਸ ਅਮਨਦੀਪ ਕੌਰ ਨੇ ਖੇਡਾਂ, ਪੱਕੇ ਇਰਾਦੇ ਅਤੇ ਸਵੈ-ਅਨੁਸ਼ਾਸਨ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਹਰਨੀਤ ਬਿਲਿੰਗ ਨੇ ਨੌਜਵਾਨਾਂ ਵਿਚ ਸਮਾਜਿਕ ਚੇਤਨਾ ਪੈਦਾ ਕਰਨ ਵਿਚ ਰਾਸ਼ਟਰੀ ਸੇਵਾ ਯੋਜਨਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਲੜਕਿਆਂ ਦੇ ਵਰਗ ਵਿਚ ਸੁਖਵਿੰਦਰ ਸਿੰਘ, ਮਨਜੋਤ ਸਿੰਘ ਅਤੇ ਸਾਹਿਬ ਸਿੰਘ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਲੜਕੀਆਂ ਦੇ ਵਰਗ ਵਿਚ ਕਰਮਜੀਤ ਕੌਰ, ਨੀਤੂ ਅਤੇ ਸੁਮਨਦੀਪ ਕੌਰ ਜੇਤੂ ਰਹੀਆਂ। ਮੈਰਾਥਨ ਦੀ ਸਮਾਪਤੀ ਨਸ਼ਿਆਂ ਤੋਂ ਦੂਰ ਰਹਿਣ, ਤੰਦਰੁਸਤੀ ਅਪਣਾਉਣ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੇ ਸਾਂਝੇ ਸੁਨੇਹੇ ਨਾਲ ਹੋਈ।