ਮਾਮਲਾ ਪਿੰਡ ਭੰਮੇ ਕਲਾਂ ਦੇ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਜ਼ਬਰਦਸਤੀ ਖੋਹਣ ਦਾ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ (ਬਲਜਿੰਦਰ ਸਿੰਘ)- ਪਿੰਡ ਭੰਮੇ ਕਲਾਂ ਦੇ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਮੌਤ ਮਗਰੋਂ ਉਸ ਦੇ ਸੋਗ ਵਿਚ ਡੁੱਬੇ ਪਰਿਵਾਰ ਤੋਂ ਲਾਸ਼ ਜ਼ਬਰਦਸਤੀ ਖੋਹਣ ਦੀ ਘਟਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਮਨਕਾਰੀ ਚਿਹਰੇ ਨੂੰ ਲੋਕਾਂ ਸਾਹਮਣੇ ਲਿਆ ਦਿੱਤਾ ਹੈ। ਜਿਸ ਸਰਕਾਰ ਨੇ ਇਕ ਮਾਂ-ਪਿਓ ਦੇ ਸੋਗ ਦੇ ਦੁੱਖ ਨੂੰ ਵੀ ਨਹੀਂ ਸਮਝਿਆ ਅਤੇ ਲਾਸ਼ ਵਾਲਾ ਤਾਬੂਤ ਜ਼ਬਰਦਸਤੀ ਚੁੱਕ ਲਿਆ, ਉਸ ਸਰਕਾਰ ਤੋਂ ਆਮ ਪੰਜਾਬੀ ਦੀ ਸੁਰੱਖਿਆ ਅਤੇ ਇੱਜ਼ਤ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ (ਬਲਜਿੰਦਰ ਸਿੰਘ)- ਪਿੰਡ ਭੰਮੇ ਕਲਾਂ ਦੇ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਮੌਤ ਮਗਰੋਂ ਉਸ ਦੇ ਸੋਗ ਵਿਚ ਡੁੱਬੇ ਪਰਿਵਾਰ ਤੋਂ ਲਾਸ਼ ਜ਼ਬਰਦਸਤੀ ਖੋਹਣ ਦੀ ਘਟਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਮਨਕਾਰੀ ਚਿਹਰੇ ਨੂੰ ਲੋਕਾਂ ਸਾਹਮਣੇ ਲਿਆ ਦਿੱਤਾ ਹੈ। ਜਿਸ ਸਰਕਾਰ ਨੇ ਇਕ ਮਾਂ-ਪਿਓ ਦੇ ਸੋਗ ਦੇ ਦੁੱਖ ਨੂੰ ਵੀ ਨਹੀਂ ਸਮਝਿਆ ਅਤੇ ਲਾਸ਼ ਵਾਲਾ ਤਾਬੂਤ ਜ਼ਬਰਦਸਤੀ ਚੁੱਕ ਲਿਆ, ਉਸ ਸਰਕਾਰ ਤੋਂ ਆਮ ਪੰਜਾਬੀ ਦੀ ਸੁਰੱਖਿਆ ਅਤੇ ਇੱਜ਼ਤ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ (ਬ) ਦੇ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪਰਿਵਾਰ ਦਾ ਮਾਮਲਾ ਨਹੀਂ, ਇਹ ਪੰਜਾਬ ਦੇ ਹਰ ਉਸ ਨਾਗਰਿਕ ਦਾ ਮਾਮਲਾ ਹੈ, ਜਿਸ ਨੂੰ ਆਪਣੇ ਹੱਕਾਂ ਲਈ ਬੋਲਣ, ਪ੍ਰਦਰਸ਼ਨ ਕਰਨ ਅਤੇ ਇਨਸਾਫ਼ ਮੰਗਣ ਦਾ ਅਧਿਕਾਰ ਪ੍ਰਾਪਤ ਹੈ। ਪਰ ਮਾਨਸਾ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਆਗੂਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਸੋਗ ਵਿਚ ਡੁੱਬੇ ਪਰਿਵਾਰ ਤੋਂ ਲਾਸ਼ ਖੋਹ ਲਈ ਗਈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਹੁਣ ਪੰਜਾਬ ਵਿਚ ਲੋਕਤੰਤਰ ਦੇ ਬੁਨਿਆਦੀ ਹੱਕ ਵੀ ਖ਼ਤਮ ਹੋ ਗਏ ਹਨ? ਮਾਨਸਾ ਨੂੰ ‘ਪੁਲਿਸ ਛਾਉਣੀ’ ਵਿਚ ਤਬਦੀਲ ਕਰਨ ਦੀ ਲੋੜ ਕਿਉਂ ਪੈ ਗਈ? ਕੀ ਸਰਕਾਰ ਲਾਸ਼ ਤੋਂ ਡਰਦੀ ਹੈ ਜਾਂ ਸੱਚ ਤੋਂ? ਜੇ ਮੌਤ ਦਾ ਕਾਰਨ ਪਤਾ ਕਰਨਾ ਹੀ ਸੀ, ਤਾਂ ਪਰਿਵਾਰ ਦੀ ਸਹਿਮਤੀ, ਸ਼ਰਧਾਂਜਲੀ ਅਤੇ ਇੱਜ਼ਤ ਨੂੰ ਕਿਉਂ ਤਲਵਾਰ ’ਤੇ ਚੜ੍ਹਾ ਦਿੱਤਾ ਗਿਆ? ਪੋਸਟਮਾਰਟਮ ਦਾ ਹੱਕ ਸਰਕਾਰ ਦਾ ਹੈ, ਪਰ ਲਾਸ਼ ਤੇ ਸੋਗ ਦਾ ਹੱਕ ਪਰਿਵਾਰ ਦਾ ਹੈ। ਇਹ ਸਾਦੀ ਗੱਲ ਵੀ ਸਰਕਾਰ ਨੂੰ ਸਮਝ ਨਹੀਂ ਆਈ? ਐਡਵੋਕੇਟ ਧਾਰਨੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਹਰ ਘਰ ਦੀ ਆਵਾਜ਼ ਸੁਣੀ ਜਾਵੇਗੀ, ਪਰ ਅੱਜ ਉਹੀ ਸਰਕਾਰ ਆਮ ਲੋਕਾਂ ਦੀ ਆਵਾਜ਼ ਨੂੰ ਲਾਠੀਆਂ ਅਤੇ ਹਿਰਾਸਤ ਨਾਲ ਗੂੰਗਾ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਲਜੀਤ ਸਿੰਘ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਕਰਦਾ ਹੈ ਅਤੇ ਮੌਤ ਦੇ ਸੱਚੇ ਕਾਰਨਾਂ ਦੀ ਪਾਰਦਰਸ਼ੀ, ਨਿਰਪੱਖ ਤੇ ਸਮੇਂ ਸਿਰ ਜਾਂਚ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ਼ ਦੇਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ।