ਚਨਾਰਥਲ ਕਲਾਂ ਦਾ ਦੁਸਹਿਰਾ ਕਿਉਂ ਹੈ ਸਭ ਤੋਂ ਵੱਖਰਾ ?
ਫ਼ਤਹਿਗੜ੍ਹ ਸਾਹਿਬ, ਜਖਵਾਲੀ 18 ਅਕਤੂਬਰ (ਬਲਜਿੰਦਰ ਸਿੰਘ, ਨਿਰਭੈ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਚਨਾਰਥਲ ਕਲਾਂ ਦਾ ਦਸਹਿਰਾ ਪੰਜਾਬ ਦੇ ਵਿਲੱਖਣ ਦਸਹਿਰਾ ਸਮਾਗਮਾਂ ਵਿਚੋਂ ਇਕ ਹੈ। ਇਸ ਪਿੰਡ ਦੀ ਵਿਸ਼ੇਸ਼ ਪਛਾਣ ਇੱਥੇ ਮਨਾਏ ਜਾਂਦੇ ਦਸਹਿਰੇ ਦੀ ਉਸ ਪਰੰਪਰਾ ਕਰਕੇ ਹੈ, ਜਿਸ ਤਹਿਤ ਰਾਵਣ ਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਨ ਦਸਹਿਰੇ ਵਾਲੇ ਦਿਨ ਦੀ ਬਜਾਏ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ।
ਫ਼ਤਹਿਗੜ੍ਹ ਸਾਹਿਬ, ਜਖਵਾਲੀ 18 ਅਕਤੂਬਰ (ਬਲਜਿੰਦਰ ਸਿੰਘ, ਨਿਰਭੈ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਚਨਾਰਥਲ ਕਲਾਂ ਦਾ ਦਸਹਿਰਾ ਪੰਜਾਬ ਦੇ ਵਿਲੱਖਣ ਦਸਹਿਰਾ ਸਮਾਗਮਾਂ ਵਿਚੋਂ ਇਕ ਹੈ। ਇਸ ਪਿੰਡ ਦੀ ਵਿਸ਼ੇਸ਼ ਪਛਾਣ ਇੱਥੇ ਮਨਾਏ ਜਾਂਦੇ ਦਸਹਿਰੇ ਦੀ ਉਸ ਪਰੰਪਰਾ ਕਰਕੇ ਹੈ, ਜਿਸ ਤਹਿਤ ਰਾਵਣ ਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਨ ਦਸਹਿਰੇ ਵਾਲੇ ਦਿਨ ਦੀ ਬਜਾਏ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ। ਪਿੰਡ ਵਾਸੀਆਂ ਅਨੁਸਾਰ ਇਹ ਪਰੰਪਰਾ 165 ਸਾਲ ਤੋਂ ਵੀ ਵੱਧ ਪੁਰਾਣੀ ਹੈ, ਜਿਸ ਨੂੰ ਅੱਜ ਵੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਇਆ ਜਾ ਰਿਹਾ ਹੈ। ਝੰਡੇ ਦੀ ਪਰਿਕਰਮਾ, ਰਾਮ-ਲੀਲ੍ਹਾ ਦੀ ਪਰੰਪਰਾ ਤੇ ਕੁੰਭਕਰਨ ਦੇ ਬੁੱਤ ਦੀ ਪੂਜਾ ਇਸ ਮੇਲੇ ਨੂੰ ਹੋਰਨਾਂ ਥਾਵਾਂ ਤੋਂ ਵੱਖਰਾ ਬਣਾਉਂਦੀ ਹੈ। ਪਿੰਡ ਦੇ ਵਸਨੀਕ ਹਰਮਿੰਦਰ ਸਿੰਘ, ਰੂਪ ਚੰਦ ਸ਼ਰਮਾ, ਹਰੀ ਸਿੰਘ ਟੌਹੜਾ ਅਤੇ ਜੱਗਾ ਸਿੰਘ ਨੇ ਦਸਹਿਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਨਾਰਥਲ ਕਲਾਂ ਵਿਚ ਦਸਹਿਰਾ ਮਨਾਉਣ ਦੀ ਪਰੰਪਰਾ ਨਾਲ ਇਕ ਦਿਲਚਸਪ ਕਿੱਸਾ ਜੁੜਿਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ ਪੁਰਾਣੇ ਸਮੇਂ ਵਿਚ ਇਕ ਵਾਰ ਪਿੰਡ ਦੇ ਪਸ਼ੂ ਚਰਨ ਲਈ ਗਏ ਸਨ, ਪਰ ਸ਼ਾਮ ਤੱਕ ਵਾਪਸ ਨਹੀਂ ਪਰਤੇ। ਪਸ਼ੂਆਂ ਦੇ ਨਾ ਮਿਲਣ ਕਾਰਨ ਪਿੰਡ ਵਾਸੀ ਚਿੰਤਤ ਹੋ ਗਏ ਅਤੇ ਉਨ੍ਹਾਂ ਨੇ ਉਸ ਸਾਲ ਦਸਹਿਰੇ ਵਾਲੇ ਦਿਨ ਖ਼ੁਸ਼ੀ ਦਾ ਸਮਾਗਮ ਮਨਾਉਣ ਦੀ ਬਜਾਏ ਅਗਲੇ ਦਿਨ ਤੱਕ ਉਡੀਕ ਕਰਨ ਦਾ ਫ਼ੈਸਲਾ ਕੀਤਾ। ਜਦੋਂ ਅਗਲੇ ਦਿਨ ਪਸ਼ੂ ਵਾਪਸ ਮਿਲ ਗਏ ਤਾਂ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਤੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਦਸਹਿਰਾ ਅਗਲੇ ਦਿਨ ਮਨਾਉਣ ਦੀ ਪਰੰਪਰਾ ਪੱਕੇ ਤੌਰ ’ਤੇ ਸ਼ੁਰੂ ਹੋ ਗਈ, ਜੋ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਆ ਰਹੀ ਹੈ। ਇਸੇ ਕਰਕੇ ਚਨਾਰਥਲ ਕਲਾਂ ਦਾ ਦਸਹਿਰਾ ਆਪਣੀ ਵੱਖਰੀ ਪਛਾਣ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਲੋਕ ਹੋਰਨਾਂ ਥਾਵਾਂ ’ਤੇ ਦਸਹਿਰਾ ਮਨਾਉਣ ਤੋਂ ਬਾਅਦ ਅਗਲੇ ਦਿਨ ਚਨਾਰਥਲ ਕਲਾਂ ਵਿਖੇ ਲੱਗਣ ਵਾਲੇ ਮੇਲੇ ਵਿਚ ਪਹੁੰਚਦੇ ਹਨ। ਚਨਾਰਥਲ ਕਲਾਂ ਦੇ ਦਸਹਿਰੇ ਦੀ ਇਕ ਹੋਰ ਵਿਲੱਖਣ ਵਿਸ਼ੇਸ਼ਤਾ ਕੁੰਭਕਰਨ ਨਾਲ ਜੁੜੀ ਹੋਈ ਹੈ। ਜਿੱਥੇ ਆਮ ਤੌਰ ’ਤੇ ਦਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਜਾਂਦਾ ਹੈ, ਉੱਥੇ ਹੀ ਚਨਾਰਥਲ ਕਲਾਂ ਵਿਚ ਰਾਵਣ ਅਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਨ ਕੀਤਾ ਜਾਂਦਾ ਹੈ, ਜਦਕਿ ਕੁੰਭਕਰਨ ਦੇ ਬੁੱਤ ਨੂੰ ਸਤਿਕਾਰ ਨਾਲ ਪੂਜਿਆ ਜਾਂਦਾ ਹੈ। ਪਿੰਡ ਵਾਸੀਆਂ ਅਨੁਸਾਰ, ਇਸ ਪਰੰਪਰਾ ਪਿੱਛੇ ਕੁੰਭਕਰਨ ਦੇ ਕਿਰਦਾਰ ਨਾਲ ਜੁੜੀ ਇਕ ਵਿਸ਼ੇਸ਼ ਮਾਨਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਰਾਵਣ ਨੇ ਭਗਵਾਨ ਸ੍ਰੀ ਰਾਮ ਨਾਲ ਯੁੱਧ ਕਰਨ ਲਈ ਕੁੰਭਕਰਨ ਨੂੰ ਨੀਂਦ ਤੋਂ ਜਗਾਇਆ ਸੀ ਤਾਂ ਕੁੰਭਕਰਨ ਨੇ ਆਪਣੇ ਭਰਾ ਰਾਵਣ ਨੂੰ ਯੁੱਧ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਰਾਵਣ ਨੂੰ ਸਮਝਾਇਆ ਸੀ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨਾਲ ਯੁੱਧ ਕਰਨਾ ਠੀਕ ਨਹੀਂ ਹੈ, ਪਰ ਜਦੋਂ ਰਾਵਣ ਆਪਣੇ ਹੰਕਾਰ ਕਾਰਨ ਨਹੀਂ ਮੰਨਿਆ ਤਾਂ ਕੁੰਭਕਰਨ ਨੇ ਆਪਣੇ ਭਰਾ ਦਾ ਸਾਥ ਦੇਣ ਅਤੇ ਉਸ ਦੀ ਇੱਜ਼ਤ ਕਾਇਮ ਰੱਖਣ ਲਈ ਯੁੱਧ ਵਿਚ ਹਿੱਸਾ ਲਿਆ। ਇਸੇ ਕਾਰਨ ਪਿੰਡ ਵਿਚ ਕੁੰਭਕਰਨ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਸ ਦੇ ਬੁੱਤ ਦੀ ਪੂਜਾ ਕਰਨ ਦੀ ਪਰੰਪਰਾ ਨਿਭਾਈ ਜਾਂਦੀ ਹੈ। ਇਹ ਵਿਲੱਖਣ ਰੀਤ ਚਨਾਰਥਲ ਕਲਾਂ ਦੇ ਦਸਹਿਰੇ ਨੂੰ ਵਿਸ਼ੇਸ਼ ਇਤਿਹਾਸਕ ਤੇ ਧਾਰਮਿਕ ਪਛਾਣ ਦਿੰਦੀ ਹੈ। ਪਿੰਡ ਵਾਸੀ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਚਨਾਰਥਲ ਕਲਾਂ ਦੀ ਪਛਾਣ ਸਿਰਫ਼ ਦਸਹਿਰੇ ਦੇ ਮੇਲੇ ਕਰਕੇ ਹੀ ਨਹੀਂ, ਸਗੋਂ ਇਸ ਦੇ ਇਤਿਹਾਸਕ ਮਹੱਤਵ ਕਰਕੇ ਵੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਸਹਿਰੇ ਦੇ ਮੇਲੇ ਦੌਰਾਨ ਪਿੰਡ ਦੀਆਂ ਪੰਚਾਇਤਾਂ ਵਲੋਂ ਸਮੇਂ-ਸਮੇਂ ’ਤੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਚਨਾਰਥਲ ਕਲਾਂ ਦਾ ਦਸਹਿਰਾ ਮੇਲਾ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਮੰਚ ਵੀ ਬਣ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੀ ਜੂਹ ’ਤੇ ਪੱਕੇ ਤੌਰ ’ਤੇ ਸਥਾਪਿਤ ਕੀਤੇ ਕੁੰਭਕਰਨ ਦੇ ਬੁੱਤ ਕਾਰਨ ਇਸ ਜਗ੍ਹਾ ਨੂੰਰਾਵਣ ਵਾਲੇ ਅੱਡੇ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਹਰੀ ਸਿੰਘ ਟੌਹੜਾ, ਜੱਗਾ ਸਿੰਘ, ਰੂਪ ਚੰਦ ਸ਼ਰਮਾ, ਹਰਮਿੰਦਰ ਪੱਪੂ, ਸੰਜੀਵ ਕੁਮਾਰ, ਚੰਦਨ ਬਾਤਿਸ਼, ਕੁਲਵੰਤ ਸਿੰਘ ਫਰੀਦੂ, ਤਰਸੇਮ ਸਿੰਘ, ਮਨਦੀਪ ਸਿੰਘ ਜਿੰਮੀ, ਤਰਸੇਮ ਸਿੰਘ ਅਤੇ ਕੁਲਵੰਤ ਸਿੰਘ ਪੰਚਾਇਤ ਮੈਂਬਰ ਵੀ ਹਾਜ਼ਰ ਸਨ।