ਨੈਸ਼ਨਲ ਹਾਈਵੇ ਅਥਾਰਿਟੀ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ
ਫ਼ਤਹਿਗੜ੍ਹ ਸਾਹਿਬ, 9 ਸਤੰਬਰ (ਮਨਪ੍ਰੀਤ ਸਿੰਘ)- ਨੈਸ਼ਨਲ ਹਾਈਵੇ ਅਥਾਰਿਟੀ ਦੁਆਰਾ ਸਰਹਿੰਦ ਜੀ. ਟੀ.
ਫ਼ਤਹਿਗੜ੍ਹ ਸਾਹਿਬ, 9 ਸਤੰਬਰ (ਮਨਪ੍ਰੀਤ ਸਿੰਘ)- ਨੈਸ਼ਨਲ ਹਾਈਵੇ ਅਥਾਰਿਟੀ ਦੁਆਰਾ ਸਰਹਿੰਦ ਜੀ. ਟੀ. ਰੋਡ ਵਿਖੇ ਓਵਰਬ੍ਰਿਜ ਹੇਠ ਕੀਤੇ ਹੋਏ, ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਨੈਸ਼ਨਲ ਹਾਈਵੇ ਅਥਾਰਿਟੀ ਅੰਬਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਪਾਸ ਪਿਛਲੇ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਰਹਿੰਦ ਜੀ.ਟੀ ਰੋਡ ਤੇ ਬਣੇ ਓਵਰਬ੍ਰਿਜ ਹੇਠ ਲੋਕਾਂ ਦੁਆਰਾ ਪੱਕੇ ਤੌਰ ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਆਧਾਰ ਤੇ ਉਨ੍ਹਾਂ ਦੁਆਰਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤੇ ਅਧਿਕਾਰੀਆਂ ਦੁਆਰਾ ਇਜਾਜ਼ਤ ਮਿਲਣ ਤੋਂ ਬਾਅਦ ਹੀ ਉਕਤ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਵਿਚ ਪੁਲ ਲੋਕਾਂ ਦੀ ਸੁਵਿਧਾ ਲਈ ਬਣਾਏ ਗਏ ਹਨ, ਪਰ ਕੁਝ ਲੋਕ ਇਨ੍ਹਾਂ ਨੂੰ ਆਪਣੇ ਸੁਆਰਥ ਲਈ ਵਰਤ ਕੇ ਟਰੈਫ਼ਿਕ ਵਿਚ ਵਿਘਨ ਪਾਉਣ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਗਾ ਰਹੇ ਹਨ। ਇਸ ਮੌਕੇ ਨੈਸ਼ਨਲ ਹਾਈਵੇ ਅਥਾਰਿਟੀ ਦੁਆਰਾ ਪੁਲ ਹੇਠ ਲੱਗੀਆਂ ਰੇਹੜੀਆਂ, ਫੜੀਆਂ ਤੇ ਖੋਖਿਆਂ ਨੂੰ ਮੌਕੇ ਤੇ ਚੁਕਵਾ ਦਿੱਤਾ ਗਿਆ ਤੇ ਕਬਜ਼ੇ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਪੁਲ ਹੇਠ ਨਜਾਇਜ਼ ਕਬਜ਼ੇ ਕਰੇਗਾ ਤਾਂ ਉਕਤ ਨਜਾਇਜ਼ ਕਬਜ਼ੇ ਨੂੰ ਹਟਾਉਣ ਤੇ ਨਾਲ ਨਾਲ ਉਕਤ ਵਿਅਕਤੀ ਤੇ ਬਣਦੀ ਕਾਰਵਾਈ ਨੂੰ ਵੀ ਅਮਲ ਵਿਚ ਲਿਆਂਦਾ ਜਾਵੇਗਾ।