22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜ਼ਿਲ੍ਹਾ ਪਟਿਆਲਾ ’ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਪਟਿਆਲਾ , 21 ਅਗਸਤ ( ਧਰਮਿੰਦਰ ਸਿੰਘ ਸਿੱਧੂ , ਗੁਰਪ੍ਰੀਤ ਸਿੰਘ ਚੱਠਾ , ਅਮਰਬੀਰ ਸਿੰਘ ਆਹਲੂਵਾਲੀਆ , ਗੁਰਵਿੰਦਰ ਸਿੰਘ ਔਲਖ , ਮਨਦੀਪ ਸਿੰਘ ਖਰੌੜ )- ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਪਟਿਆਲਾ ਸ਼ਹਿਰ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ । ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਲਗਪਗ ਸਾਰੇ ਪ੍ਰਮੁੱਖ ਬਾਜ਼ਾਰ , ਵਪਾਰਕ ਅਦਾਰੇ , ਦੁਕਾਨਾਂ ਤੇ ਕਈ ਦਫ਼ਤਰ ਬੰਦ ਰਹੇ ।

Ad Position 21
No active advertisement
ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਦਫ਼ਤਰ ਨੂੰ ਤਾਲਾ ਲਗਾ ਕੇ ਬਾਹਰ ਖੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ। ਤਸਵੀਰ : ਪ੍ਰਭਨੂਰ ਸਿੰਘ 22-08-2026
ਪਟਿਆਲਾ , 21 ਅਗਸਤ ( ਧਰਮਿੰਦਰ ਸਿੰਘ ਸਿੱਧੂ , ਗੁਰਪ੍ਰੀਤ ਸਿੰਘ ਚੱਠਾ , ਅਮਰਬੀਰ ਸਿੰਘ ਆਹਲੂਵਾਲੀਆ , ਗੁਰਵਿੰਦਰ ਸਿੰਘ ਔਲਖ , ਮਨਦੀਪ ਸਿੰਘ ਖਰੌੜ )- ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਪਟਿਆਲਾ ਸ਼ਹਿਰ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ । ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਲਗਪਗ ਸਾਰੇ ਪ੍ਰਮੁੱਖ ਬਾਜ਼ਾਰ , ਵਪਾਰਕ ਅਦਾਰੇ , ਦੁਕਾਨਾਂ ਤੇ ਕਈ ਦਫ਼ਤਰ ਬੰਦ ਰਹੇ । ਸ਼ਹਿਰ ਦੇ ਮੁੱਖ ਬਾਜ਼ਾਰਾਂ ਦੇ ਨਾਲ - ਨਾਲ ਛੋਟੀਆਂ ਗਲੀਆਂ ਤੇ ਮੁਹੱਲਿਆਂ ਵਿਚ ਵੀ ਜ਼ਿਆਦਾਤਰ ਦੁਕਾਨਦਾਰਾਂ ਨੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ । ਇਕਾ - ਦੁੱਕਾ ਦੁਕਾਨਾਂ ਨੂੰ ਛੱਡ ਕੇ ਸਮੁੱਚੇ ਤੌਰ ’ ਤੇ ਬੰਦ ਦਾ ਪ੍ਰਭਾਵ ਸਪਸ਼ਟ ਰੂਪ ਵਿਚ ਦੇਖਣ ਨੂੰ ਮਿਲਿਆ । ਬੰਦ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੀ ਪੂਰਾ ਦਿਨ ਅਲਰਟ ’ ਤੇ ਰਹੀ ਅਤੇ ਸ਼ਹਿਰ ਦੇ ਵੱਖ - ਵੱਖ ਅਹਿਮ ਚੌਕਾਂ ਤੇ ਸੰਵੇਦਨਸ਼ੀਲ ਥਾਵਾਂ ’ ਤੇ ਪੁਲਿਸ ਦੇ ਨਾਕੇ ਲੱਗੇ ਦਿਖਾਈ ਦਿੱਤੇ , ਜਿੱਥੇ ਮੁਸਤੈਦ ਟੀਮਾਂ ਵਲੋਂ ਮਾਹੌਲ ’ ਤੇ ਲਗਾਤਾਰ ਨਜ਼ਰ ਰੱਖੀ ਗਈ । ਬੰਦ ਦੌਰਾਨ ਵੱਖ - ਵੱਖ ਧਾਰਮਿਕ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ , ਕਿਸਾਨ ਜਥੇਬੰਦੀਆਂ , ਹੋਰ ਸਮਾਜਿਕ ਜਥੇਬੰਦੀਆਂ ਤੇ ਸਮਰਥਕਾਂ ਵਲੋਂ ਸ਼ਹਿਰ ਦੇ ਵੱਖ - ਵੱਖ ਚੌਕਾਂ ਵਿਚ ਖੜ੍ਹ ਕੇ ਬੰਦ ਦੇ ਹੱਕ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਗਈ । ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਪੂਰੀ ਤਰਾਂ ਸੁੰਨਾਪਨ ਛਾਇਆ ਰਿਹਾ ਤੇ ਆਵਾਜਾਈ ਵੀ ਕਾਫ਼ੀ ਘੱਟ ਰਹੀ । ਕਈ ਥਾਵਾਂ ’ ਤੇ ਬੰਦ ਦੇ ਸਮਰਥਨ ਵਿਚ ਲੋਕ ਇਕੱਠੇ ਹੋਏ ਅਤੇ ਆਉਣ - ਜਾਣ ਵਾਲੇ ਲੋਕਾਂ ਨੂੰ ਵੀ ਬੰਦ ਸੰਬੰਧੀ ਜਾਣਕਾਰੀ ਦਿੱਤੀ ਗਈ । ਪੰਜਾਬ ਬੰਦ ਦੇ ਸੱਦੇ ਦਾ ਅਸਰ ਪਟਿਆਲਾ ਦੀ ਜਨਤਕ ਆਵਾਜਾਈ ’ ਤੇ ਵੀ ਦੇਖਣ ਨੂੰ ਮਿਲਿਆ । ਪੀ . ਆਰ . ਟੀ . ਸੀ . ਦੀਆਂ ਬੱਸ ਸੇਵਾਵਾਂ ਵੀ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੀਆਂ , ਜਿਸ ਕਾਰਨ ਬਾਹਰੋਂ ਪਟਿਆਲਾ ਆਉਣ ਵਾਲੇ ਤੇ ਸ਼ਹਿਰ ਤੋਂ ਹੋਰਨਾਂ ਥਾਵਾਂ ਵੱਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਬੱਸ ਸੇਵਾ ਬੰਦ ਰਹਿਣ ਕਾਰਨ ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਨਿੱਜੀ ਵਾਹਨਾਂ ਜਾਂ ਹੋਰ ਸਾਧਨਾਂ ਦਾ ਸਹਾਰਾ ਲੈਣਾ ਪਿਆ । ਕਈ ਥਾਵਾਂ ’ ਤੇ ਆਵਾਜਾਈ ਵਿਚ ਪਏ ਵਿਘਨ ਨੂੰ ਲੈ ਕੇ ਲੋਕਾਂ ਵਲੋਂ ਰੋਸ ਵੀ ਜ਼ਾਹਿਰ ਕੀਤਾ ਅਤੇ ਇਕਾ - ਦੁੱਕਾ ਥਾਵਾਂ ’ ਤੇ ਇਸ ਮੁੱਦੇ ਨੂੰ ਲੈ ਕੇ ਆਪਸੀ ਤਕਰਾਰ ਦੀ ਸਥਿਤੀ ਵੀ ਬਣੀ । ਬੰਦ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਦੇ ਮੁੱਖ ਚੌਕਾਂ , ਬਾਜ਼ਾਰਾਂ ਅਤੇ ਹੋਰ ਅਹਿਮ ਥਾਵਾਂ ’ ਤੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ । ਪੁਲਿਸ ਮੁਲਾਜ਼ਮਾਂ ਵਲੋਂ ਆਵਾਜਾਈ ਦੀ ਸਥਿਤੀ ’ ਤੇ ਨਜ਼ਰ ਰੱਖਣ ਦੇ ਨਾਲ - ਨਾਲ ਇਕੱਠੇ ਹੋਏ ਲੋਕਾਂ ਦੀਆਂ ਗਤੀਵਿਧੀਆਂ ’ ਤੇ ਵੀ ਨਿਗਰਾਨੀ ਕੀਤੀ ਗਈ । ਪੁਲਿਸ ਦੀ ਮੁਸਤੈਦੀ ਕਾਰਨ ਬੰਦ ਦੌਰਾਨ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਤੇ ਸਮੁੱਚਾ ਮਾਹੌਲ ਕਾਬੂ ਹੇਠ ਰਿਹਾ । ਇਸੇ ਤਰ੍ਹਾਂ ਪਟਿਆਲਾ ’ ਚ ਜ਼ਿਆਦਾਤਰ ਸਿੱਖਿਆ ਸੰਸਥਾਵਾਂ , ਸਕੂਲ ਤੇ ਕਾਲਜ ਵੀ ਬੰਦ ਰਹੇ । ਸਰਕਾਰੀ ਦਫ਼ਤਰਾਂ ਵਿਚ ਵੀ ਬੰਦ ਵਰਗਾ ਮਾਹੌਲ ਦੇਖਣ ਨੂੰ ਮਿਲਿਆ । ਜਿਹੜੇ ਕੁੱਝ ਦਫ਼ਤਰ ਖੁੱਲੇ ਰਹੇ , ਉਥੇ ਵੀ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਰਹੀ । ਸ਼ਹਿਰ ਵਿਚ ਟਾਂਵੇਂ - ਟਾਂਵੇਂ ਲੋਕ ਹੀ ਆਪਣੇ ਜ਼ਰੂਰੀ ਕੰਮਾਂ ਲਈ ਪਹੁੰਚੇ । ਬੰਦ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਦੁਪਹਿਰ ਤੱਕ ਵਪਾਰਕ ਸਰਗਰਮੀਆਂ ਲਗਪਗ ਠੱਪ ਰਹੀਆਂ । ਆਮ ਤੌਰ ’ ਤੇ ਭੀੜ - ਭੜੱਕੇ ਵਾਲੇ ਇਲਾਕਿਆਂ ਵਿਚ ਵੀ ਅੱਜ ਸੜਕਾਂ ’ ਤੇ ਆਵਾਜਾਈ ਘੱਟ ਤੇ ਦੁਕਾਨਾਂ ਦੇ ਸ਼ਟਰ ਡਿੱਗੇ ਨਜ਼ਰ ਆਏ । ਸ਼ਹਿਰ ਦੀਆਂ ਛੋਟੀਆਂ ਗਲੀਆਂ ਤੇ ਮੁਹੱਲਿਆਂ ਵਿਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ । ਦੁਪਹਿਰ 2 ਵਜੇ ਬੰਦ ਦੀ ਮਿਆਦ ਸਮਾਪਤ ਹੋਣ ਉਪਰੰਤ ਹੌਲੀ - ਹੌਲੀ ਬਾਜ਼ਾਰ ਅਤੇ ਆਵਾਜਾਈ ਮੁੜ ਆਮ ਹੋਣ ਲੱਗੀ । ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਤੇ ਸੜਕਾਂ ’ ਤੇ ਵੀ ਆਵਾਜਾਈ ਪਹਿਲਾਂ ਵਾਂਗ ਵਧਣ ਲੱਗੀ । ਪਟਿਆਲਾ ਵਿਚ ਸਮੁੱਚੇ ਤੌਰ ’ ਤੇ ਬੰਦ ਸ਼ਾਂਤਮਈ ਰਿਹਾ ਅਤੇ ਬੰਦ ਦੇ ਸੱਦੇ ਨੂੰ ਵੱਖ - ਵੱਖ ਵਰਗਾਂ , ਧਾਰਮਿਕ ਭਾਈਚਾਰਿਆਂ , ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਭਰਵਾਂ ਸਮਰਥਨ ਮਿਲਿਆ । ਇਸੇ ਤਰ੍ਹਾਂ ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੀ ਹਮਾਇਤ ’ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਹ ਦਫ਼ਤਰ ਤੇ ਅਦਾਰੇ ਬੰਦ ਰੱਖਣ ਦੇ ਹੋਏ ਆਦੇਸ਼ਾਂ ’ ਤੇ ਗੁਰਦੁਆਰਾ ਸ੍ਰੀ ਦੂਖ - ਨਿਵਾਰਨ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਸਮੇਤ ਸਮੂਹ ਮੁਲਾਜ਼ਮਾਂ ਨੇ ਦਫ਼ਤਰ ਦਾ ਕੰਮ ਕਾਜ ਠੱਪ ਰੱਖ ਕੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਕਾਨੂੰਨੀ ਲੜਾਈ ਲੜੀ ਜਾ ਰਹੀ , ਉਥੇ ਹੀ ਹਰ ਸੰਭਵ ਸਹਾਇਤਾ ਵੀ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ । ਗੁਰਦੁਆਰਾ ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਵਲੋਂ ਜਾਰੀ ਆਦੇਸ਼ਾਂ ’ ਤੇ ਅੱਜ ਪਟਿਆਲਾ ਤੇ ਆਸ ਪਾਸ ਦੇ ਇਲਾਕਿਆਂ ਵਿਚ ਰੋਸ ਪ੍ਰਗਟ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਲਈ ਲੰਗਰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਕਮੇਟੀ ਮੁਲਾਜ਼ਮਾਂ ਦੀਆਂ ਵੱਖ - ਵੱਖ ਟੀਮਾਂ ਪਟਿਆਲਾ , ਰਾਜਪੁਰਾ ਤੇ ਮੇਨ ਹਾਈਵੇਅ ’ ਤੇ ਤਾਇਨਾਤ ਕੀਤੀਆਂ ਗਈਆਂ , ਜਿਨ੍ਹਾਂ ਨੇ ਰੋਸ ਪ੍ਰਗਟ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਤੇ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਨੂੰ ਲੰਗਰ ਤੇ ਪਾਣੀ ਦੀ ਸੇਵਾ ਵਿਚ ਆਪਣਾ ਅਹਿਮ ਯੋਗਦਾਨ ਪਾਇਆ । ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ , ਜਥੇਦਾਰ ਜਸਮੇਰ ਸਿੰਘ ਲਾਛੜੂ ਆਦਿ ਨੇ ਕਿਹਾ ਕਿ ਕੌਮੀ ਮਸਲਿਆਂ ਪ੍ਰਤੀ ਜਿੱਥੇ ਸ਼ੋ੍ਮਣੀ ਕਮੇਟੀ ਆਪਣੀ ਆਵਾਜ਼ ਬੁਲੰਦ ਕਰ ਰਹੀ , ਉਥੇ ਹੀ ਪੰਥਕ ਰਵਾਇਤਾਂ ਤੇ ਪ੍ਰੰਪਰਾ ਤਹਿਤ ਆਪਣੇ ਫ਼ਰਜ਼ਾਂ ਦੀ ਪਹਿਰੇਦਾਰੀ ਵਜੋਂ ਵੀ ਸੇਵਾਵਾਂ ਵਿਚ ਕਾਰਜਸ਼ੀਲ ਹੈ । ਇਸ ਮੌਕੇ ਸ਼ੋ੍ਮਣੀ ਕਮੇਟੀ ਅਧਿਕਾਰੀਆਂ ਤੇ ਸਮੂਹ ਸਟਾਫ਼ ਮੈਂਬਰਾਂ ਵਿਚ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ , ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ , ਮੀਤ ਮੈਨੇਜਰ ਸੁਰਜੀਤ ਸਿੰਘ , ਨਵਜਿੰਦਰ ਸਿੰਘ , ਵਰਿੰਦਰ ਸਿੰਘ ਗੋਲਡੀ , ਅਕਾਊਂਟੈਂਟ ਗੁਰਮੀਤ ਸਿੰਘ , ਰਿਕਾਰਡ ਕੀਪਰ ਭਾਈ ਪਿ੍ਤਪਾਲ ਸਿੰਘ , ਭਾਈ ਸੁਖਦੇਵ ਸਿੰਘ ਕਾਹਲਵਾਂ , ਭਾਈ ਸਰਬਜੀਤ ਸਿੰਘ , ਹਰਵਿੰਦਰ ਸਿੰਘ ਕਾਹਲਵਾਂ ਆਦਿ ਵੀ ਮੌਜੂਦ ਰਹੇ । ਬੰ ਦੀ ਸਿੰਘਾਂ ਨੂੰ ਰਾਜਨੀਤਕ ਕੈਦੀ ਮੰਨਦਿਆਂ ਤੁਰੰਤ ਰਿਹਾਅ ਕੀਤੇ ਜਾਣ-ਮਨਜੀਤ ਸਿੰਘ ਚਾਹਲ ਇਸੇ ਤਰ੍ਹਾਂ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਮਿਸਲ ਸਤਲੁਜ ਪਾਰਟੀ ਵਲੋਂ ਜ਼ੋਰਦਾਰ ਸਮਰਥਨ ਕੀਤਾ । ਇਸ ਮੌਕੇ ਮਿਸਲ ਸਤਲੁਜ ਪਾਰਟੀ ਵਲੋਂ ਪਟਿਆਲਾ ਵਿਖੇ ਸ਼ਾਂਤਮਈ ਰੋਸ ਰੈਲੀ ਕੀਤੀ ਗਈ , ਜਿਸ ਦੀ ਅਗਵਾਈ ਮਿਸਲ ਸਤਲੁਜ ਪਾਰਟੀ ਦੇ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਮਨਜੀਤ ਸਿੰਘ ਚਹਿਲ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਚਹਿਲ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਾਜਨੀਤਕ ਕੈਦੀ ਮੰਨਦਿਆਂ ਤੁਰੰਤ ਰਿਹਾਅ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ , ਉਨਾਂ ਨੂੰ ਹੋਰ ਸਮਾਂ ਜੇਲਾਂ ਵਿਚ ਰੱਖਣਾ ਇਨਸਾਫ਼ ਦੇ ਮੂਲ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ । ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੇ ਮਾਮਲਿਆਂ ਨੂੰ ਮਨੁੱਖੀ ਤੇ ਹਮਦਰਦੀ ਵਾਲੀ ਪਹੁੰਚ ਨਾਲ ਵਿਚਾਰਦਿਆਂ , ਜਿਹੜੇ ਕਾਨੂੰਨੀ ਤੌਰ ’ ਤੇ ਰਿਹਾਈ ਦੇ ਹੱਕਦਾਰ ਹਨ , ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਚਹਿਲ ਨੇ ਕਿਹਾ ਕਿ ਮਿਸਲ ਸਤਲੁਜ ਪਾਰਟੀ ਹੱਕ , ਇਨਸਾਫ਼ ਤੇ ਪੰਜਾਬ ਦੇ ਲੋਕਾਂ ਦੇ ਜਾਇਜ਼ ਮਸਲਿਆਂ ਲਈ ਹਮੇਸ਼ਾ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ । ਉਨ੍ਹਾਂ ਕਿਹਾ ਕਿ ਅੱਜ ਦੀ ਰੋਸ ਰੈਲੀ ਦਾ ਉਦੇਸ਼ ਕਿਸੇ ਨਾਲ ਟਕਰਾਅ ਪੈਦਾ ਕਰਨਾ ਨਹੀਂ , ਸਗੋਂ ਸਰਕਾਰਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫਪੂਰਨ ਫ਼ੈਸਲੇ ਦੀ ਮੰਗ ਕਰਨਾ ਹੈ । ਮਿਸਲ ਸਤਲੁਜ ਪਾਰਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਇਨਸਾਫ਼ ਮਿਲਣ ਤੱਕ ਇਸ ਮੁੱਦੇ ਨੂੰ ਲੋਕਤਾਂਤਰਿਕ ਮੰਚਾਂ ’ ਤੇ ਲਗਾਤਾਰ ਉਠਾਇਆ ਜਾਂਦਾ ਰਹੇਗਾ । ਬੰਦ ਦੌਰਾਨ ਪਟਿਆਲਾ ਵਾਸੀਆਂ ਨੇ ਸਹਿਯੋਗ ਦੇ ਕੇ ਆਪਸੀ ਭਾਈਚਾਰੇ ਦੀ ਸਾਂਝ ਦਾ ਸਬੂਤ ਦਿੱਤਾ-ਵਿੰਦਾ ਗਰੋਵਰ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਸੱਦੇ ’ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਅੱਜ ਸਮੁੱਚੇ ਪੰਜਾਬ ਸਮੇਤ ਪਟਿਆਲਾ ਸ਼ਹਿਰ ’ ਚ ਬੰਦ ਦਾ ਵਿਆਪਕ ਤੇ ਪੂਰਨ ਅਸਰ ਦੇਖਣ ਨੂੰ ਮਿਲਿਆ । ਉਨਾਂ ਇਸ ਸ਼ਾਂਤਮਈ ਪੰਜਾਬ ਬੰਦ ਦੀ ਵੱਡੀ ਸਫਲਤਾ ਲਈ ਦੁਕਾਨਦਾਰਾਂ , ਵਪਾਰੀ ਵਰਗ , ਵਿਦਿਆਰਥੀਆਂ , ਮੁਲਾਜ਼ਮਾਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਤੇ ਸ਼ਹਿਰ ਵਾਸੀਆਂ ਦਾ ਉਚੇਚੇ ਤੌਰ ’ ਤੇ ਧੰਨਵਾਦ ਕੀਤਾ । ਬੰਦ ਦੌਰਾਨ ਪਟਿਆਲਾ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਤੇ ਪੂਰਾ ਸਹਿਯੋਗ ਦਿੱਤਾ ਹੈ । ਜਥੇ . ਵਿੰਦਾ ਗਰੋਵਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ( ਪੁਨਰ - ਸੁਰਜੀਤ ) ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਪਾਰਟੀ ਦੇ ਜ਼ਿਲਾ ਪ੍ਰਧਾਨਾਂ , ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ‘ ਪੰਜਾਬ ਬੰਦ ’ ਦੇ ਸਮਰਥਨ ਵਿਚ ਪੂਰਨ ਸਹਿਯੋਗ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਮਾਝਾ , ਮਾਲਵਾ ਅਤੇ ਦੁਆਬਾ ਦੇ ਪ੍ਰਮੁੱਖ ਸ਼ਹਿਰਾਂ ਸਮੇਤ ਵੱਖ - ਵੱਖ ਕਸਬਿਆਂ ਅਤੇ ਪਿੰਡ ਤੱਕ ਸਮੂਹ ਦੁਕਾਨਦਾਰਾਂ , ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖ ਕੇ ਇਸ ਸੱਦੇ ਨੂੰ ਪੂਰਨ ਸਮਰਥਨ ਦਿੱਤਾ । ਇਹ ਬੰਦ ਦੁਪਹਿਰ 2 ਵਜੇ ਤੱਕ ਇਸੇ ਤਰਾ ਨਿਰੰਤਰ ਤੇ ਸ਼ਾਂਤਮਈ ਢੰਗ ਨਾਲ ਜਾਰੀ ਰਿਹਾ । ਜਥੇਦਾਰ ਵਿੰਦਾ ਨੇ ਦੱਸਿਆ ਕਿ ਇਸ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨਿਹੰਗ ਸਿੰਘ ਜਥੇਬੰਦੀਆਂ , ਦਮਦਮੀ ਟਕਸਾਲ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ , ਕਿਸਾਨ ਜਥੇਬੰਦੀਆਂ , ਵਪਾਰਿਕ - ਉਦਯੋਗ ਜਗਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਧੜਿਆਂ ਸਮੇਤ ਹਰੇਕ ਫ਼ਿਰਕੇ ਦਾ ਭਰਵਾਂ ਸਮਰਥਨ ਹਾਸਲ ਹੋਇਆ । ਇਸ ਬੰਦ ਲਈ ਮੁੱਖ ਮੰਗਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸੀ , ਜਿਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਭਾਰਤੀ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ, ਮੁਲਜ਼ਮ ਫਰਾਰ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ’ਤੇ ਇਲਾਕੇ ਦੀਆਂ ਮਾਰਕੀਟਾਂ ਰਹੀਆਂ ਬੰਦ
Ad Position 24