ਕੁਝ ਮਹੀਨੇ ਤੋਂ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਪੁੱਟੀ ਸੜਕ ਕਦੋਂ ਹੋਵੇਗੀ ਠੀਕ
ਕਾਠਗੜ੍ਹ, 24 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਗੋਲੂ ਮਾਜਰਾ ਦੇ ਨੇੜੇ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਕਰੀਬ ਦੋ ਮਹੀਨੇ ਪਹਿਲਾਂ ਪੁੱਟੀ ਗਈ ਸੜਕ ਨੂੰ ਅਜੇ ਤੱਕ ਠੀਕ ਨਾ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਦੂਜੇ ਪਾਸੇ ਪੁੱਟੀ ਗਈ ਥਾਂ ’ਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਟੁੱਟਣ ਕਾਰਨ ਰੋਜ਼ਾਨਾ ਲੱਖਾਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ ਪ੍ਰੰਤੂ ਵਿਭਾਗਾਂ ਦੀ ਲਾਪਰਵਾਹੀ ਇਸ ਕਦਰ ਹੋ ਚੁੱਕੀ ਹੈ ਕਿ ਨਾ ਤਾਂ ਪੁੱਟੀ ਸੜਕ ਠੀਕ ਕੀਤੀ ਜਾ ਰਹੀ ਹੈ ਤੇ ਨਾ ਹੀ ਪਾਣੀ ਦੀ ਲੀਕੇਜ ਠੀਕ ਹੋ ਰਹੀ ਹੈ।
ਪ
ਪਿੰਡ ਗੋਲੂਮਾਜਰਾ ਨਜ਼ਦੀਕ ਪੁੱਟੀ ਗਈ ਸੜਕ ਕਾਰਨ ਖੜ੍ਹਾ ਪਾਣੀ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ
25-11-2026
ਕਾਠਗੜ੍ਹ, 24 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਗੋਲੂ ਮਾਜਰਾ ਦੇ ਨੇੜੇ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਕਰੀਬ ਦੋ ਮਹੀਨੇ ਪਹਿਲਾਂ ਪੁੱਟੀ ਗਈ ਸੜਕ ਨੂੰ ਅਜੇ ਤੱਕ ਠੀਕ ਨਾ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਦੂਜੇ ਪਾਸੇ ਪੁੱਟੀ ਗਈ ਥਾਂ ’ਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਟੁੱਟਣ ਕਾਰਨ ਰੋਜ਼ਾਨਾ ਲੱਖਾਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ ਪ੍ਰੰਤੂ ਵਿਭਾਗਾਂ ਦੀ ਲਾਪਰਵਾਹੀ ਇਸ ਕਦਰ ਹੋ ਚੁੱਕੀ ਹੈ ਕਿ ਨਾ ਤਾਂ ਪੁੱਟੀ ਸੜਕ ਠੀਕ ਕੀਤੀ ਜਾ ਰਹੀ ਹੈ ਤੇ ਨਾ ਹੀ ਪਾਣੀ ਦੀ ਲੀਕੇਜ ਠੀਕ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕਾਠਗੜ੍ਹ ਤੋਂ ਜੋ 18 ਫੁੱਟ ਚੌੜੀ ਸੜਕ ਡੇਰਾ ਬਾਉੜੀ ਸਾਹਿਬ ਗੋਲੂ ਮਾਜਰਾ ਤੱਕ ਜਾਂਦੀ ਹੈ ਉਸ ਉੱਤੇ ਬਣੇ ਤਿੰਨ ਸਵਾਗਤੀ ਗੇਟਾਂ ਦੇ ਨੇੜੇ ਕਰੀਬ ਦੋ ਕੁ ਮਹੀਨੇ ਪਹਿਲਾਂ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਮਸ਼ੀਨਾਂ ਰਾਹੀਂ ਸੜਕ ਨੂੰ ਪੁੱਟਿਆ ਗਿਆ ਸੀ ਅਤੇ ਪਾਈਪ ਲਾਈਨ ਦਬਾਉਣ ਤੋਂ ਬਾਅਦ ਸੜਕ ਦੇ ਕੁੱਝ ਹਿੱਸੇ ਵਿੱਚ ਤਾਂ ਮਿੱਟੀ ਪਾ ਦਿੱਤੀ ਗਈ ਜਦਕਿ ਕੁਝ ਹਿੱਸਾ ਐਵੇਂ ਹੀ ਛੱਡ ਦਿੱਤਾ ਗਿਆ ਜਿੱਥੇ 5-6 ਫੁੱਟ ਡੂੰਘਾ ਟੋਆ ਬਣਿਆ ਹੋਇਆ ਹੈ। ਇਸ ਸੜਕ ’ਤੇ ਜਿੱਥੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਉੱਥੇ ਹੀ ਡੇਰਾ ਬੌੜੀ ਸਾਹਿਬ ਨੂੰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ ਲੇਕਿਨ ਪੁੱਟੀ ਗਈ ਸੜਕ ਵਾਲੀ ਥਾਂ ਇੱਕ ਤਾਂ ਉਬੜ-ਖਾਬੜ ਹੈ ਅਤੇ ਨਾਲ ਹੀ ਪੁੱਟੇ ਗਏ ਟੋਏ ਕਾਰਨ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਸਤਾਉਂਦਾ ਰਹਿੰਦਾ ਹੈ। ਦੂਜੇ ਪਾਸੇ ਜਿਸ ਜਗ੍ਹਾ ’ਤੇ ਸੜਕ ਵਿੱਚ ਟੋਇਆ ਬਣਿਆ ਹੋਇਆ ਹੈ ਉਥੋਂ ਲੰਘਦੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵੀ ਟੁੱਟੀ ਹੋਈ ਹੈ ਜਿਸ ਨਾਲ ਰੋਜ਼ਾਨਾ ਲੱਖਾਂ ਲੀਟਰ ਪਾਣੀ ਬਰਬਾਦ ਹੋ ਰਿਹਾ ਹੈ ਅਤੇ ਇਸ ਪਾਣੀ ਨਾਲ ਇੱਕ ਵੱਡਾ ਛੱਪੜ ਬਣ ਚੁੱਕਿਆ ਹੈ ਪ੍ਰੰਤੂ ਜਲ ਬਚਾਉਣ ਦੀਆਂ ਗੱਲਾਂ ਕਰਨ ਵਾਲਾ ਜਲ ਵਿਭਾਗ ਇਸ ਵੱਲੋਂ ਲਾਪਰਵਾਹ ਬਣਿਆ ਹੈ ਜੋ ਲੰਬੇ ਸਮੇਂ ਤੋਂ ਇਸ ਲੀਕੇਜ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦੇ ਰਿਹਾ ਜਦਕਿ ਇਸ ਸਬੰਧੀ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲਾਪਰਵਾਹੀ ਦੀ ਇੰਨੀ ਹੱਦ ਹੋ ਗਈ ਹੈ ਕਿ ਨਾ ਤਾਂ ਜਲ ਵਿਭਾਗ ਲੀਕੇਜ ਨੂੰ ਸਹੀ ਕਰਵਾ ਰਿਹਾ ਹੈ ਅਤੇ ਨਾ ਹੀ ਡਰੇਨੇਜ ਵਿਭਾਗ ਅਧੀਨ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਵਾਲੇ ਠੇਕੇਦਾਰ ਸੜਕ ਨੂੰ ਸਹੀ ਕਰਵਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਦੇ ਸ਼ਾਸਨ ਵਿੱਚ ਤਾਂ ਵਿਭਾਗੀ ਅਧਿਕਾਰੀ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਟਿੱਚ ਜਾਣਦੇ ਹਨ ਅਤੇ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ ਸਬੰਧੀ ਜਦੋਂ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ ਮੋਹਿਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਲੀਕੇਜ ਨੂੰ ਪਹਿਲ ਦੇ ਆਧਾਰ ’ਤੇ ਛੇਤੀ ਹੀ ਠੀਕ ਕਰਵਾ ਦਿੱਤਾ ਜਾਵੇਗਾ। ਲੰਬੇ ਸਮੇਂ ਤੋਂ ਪੁੱਟੀ ਗਈ ਸੜਕ ਨੂੰ ਸਹੀ ਨਾ ਕੀਤੇ ਜਾਣ ਸਬੰਧੀ ਜਦੋਂ ਡ੍ਰੇਨੇਜ਼ ਵਿਭਾਗ ਦੇ ਜੇ.ਈ ਸੁਖਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।