ਵਿਦਿਆਰਥਣਾਂ ਨੇ ਜ਼ੋਨਲ ਦਾਖਾ ਦੇ ਕਬੱਡੀ ਨੈਸ਼ਨਲ ਸਟਾਈਲ ਮੁਕਾਬਲਿਆਂ ’ਚ ਮੱਲਾਂ ਮਾਰੀਆਂ
ਚੌਂਕੀਮਾਨ, 17 ਅਗਸਤ (ਤੇਜਿੰਦਰ ਸਿੰਘ ਚੱਢਾ)-ਪੀ. ਐੱਮ.
ਚੌਂਕੀਮਾਨ, 17 ਅਗਸਤ (ਤੇਜਿੰਦਰ ਸਿੰਘ ਚੱਢਾ)-ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਵਿਖੇ ਜ਼ੋਨਲ ਦਾਖਾ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਕਰਵਾਏ ਗਏ ਤੇ ਇੰਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਪੀ.ਟੀ ਮਾ:ਮਹਿੰਦਰਪਾਲ ਸਿੰਘ ਬਰਸਾਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਵਿਚ ਅੰਡਰ-19 ਸਾਲ ਲੜਕੀਆਂ ਦੀ ਟੀਮ ਨੇ ਪਹਿਲਾ ਅਤੇ ਅੰਡਰ-17 ਸਾਲ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਦਿਆ ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਕਰਵਾਈ ਜਾਂਦੀ ਸਖ਼ਤ ਮਿਹਨਤ ’ਤੇ ਮੋਹਰ ਲਗਾਈ। ਇਸ ਮੌਕੇ ਜੇਤੂ ਲੜਕੀਆਂ ਦੀਆਂ ਟੀਮਾਂ ਦਾ ਸਕੂਲ ਪੁੱਜਣ ’ਤੇ ਸਕੂਲ ਇੰਚਾਰਜ ਰਾਧੇ ਸ਼ਾਮ ਦੀ ਅਗਵਾਈ ਵਿਚ ਸਕੂਲ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਰਾਧੇ ਸ਼ਾਮ ਨੇ ਪੀ.ਟੀ ਅਧਿਆਪਕ ਮਹਿੰਦਰਪਾਲ ਸਿੰਘ ਬਰਸਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੰਨ੍ਹਾਂ ਨੇ ਗਰਮੀਆਂ ਦੀਆਂ ਛੁੱਟੀਆਂ ਵਿਚ ਸਕੂਲ ਆ ਕੇ ਲੜਕੀਆਂ ਦੀ ਟੀਮ ਨੂੰ ਸਖ਼ਤ ਮਿਹਨਤ ਕਰਵਾਈ ਤੇ ਲੜਕੀਆਂ ਨੇ ਵੀ ਮੁਕਾਬਲਿਆਂ ਵਿਚ ਜੇਤੂ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ। ਇਸ ਮੌਕੇ ਲੈਕਚਰਾਰ ਮੈਡਮ ਰਣਜੀਤ ਕੌਰ, ਮੈਡਮ ਅੰਮ੍ਰਿਤਪਾਲ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਮੋਨਾ, ਮੈਡਮ ਅੰਕੁਸਾ ਸਰਮਾਂ, ਦਲਜੀਤ ਕੌਰ, ਅਮਨਦੀਪ ਕੌਰ, ਬਲਜੀਤ ਸਿੰਘ ਧਨੋਆ, ਸੁਖਵਿੰਦਰ ਸਿੰਘ ਚੌਂਕੀਮਾਨ, ਪਰਮਜੀਤ ਸਿੰਘ ਸਵੱਦੀ, ਜਸਵਿੰਦਰ ਸਿੰਘ, ਜਗਦੀਪ ਸਿੰਘ ਹੰਬੜਾਂ, ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।