ਡਾ. ਐੱਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਡੱਫਰ ’ਚ ਹੋਣਹਾਰ ਖਿਡਾਰੀ ਸਨਮਾਨਿਤ
ਗੜ੍ਹਦੀਵਾਲਾ, 3 ਅਕਤੂਬਰ (ਚੱਗਰ)-ਪ੍ਰਿੰਸੀਪਲ ਹੇਮ ਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਚੱਲ ਰਹੀ ਡਾ. ਐੱਮ.
ਗੜ੍ਹਦੀਵਾਲਾ, 3 ਅਕਤੂਬਰ (ਚੱਗਰ)-ਪ੍ਰਿੰਸੀਪਲ ਹੇਮ ਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਚੱਲ ਰਹੀ ਡਾ. ਐੱਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਵਿਖੇ 70ਵੀਆਂ ਸਕੂਲ ਖੇਡਾਂ ਵਿਚ ਜ਼ਿਲ੍ਹਾ ਪੱਧਰ ‘ਤੇ ਖੇਡ ਚੁੱਕੇ 5 ਖਿਡਾਰੀ ਅਤੇ ਇਨ੍ਹਾਂ ਵਿਚੋਂ ਸਟੇਟ ਪੱਧਰ ਲਈ ਚੁਣੇ ਗਏ ਅੰਡਰ-17 ਸਾਲ ਵਿਚ ਜਸਵਿੰਦਰ ਸਿੰਘ ਤੇ ਅੰਡਰ-19 ਸਾਲ ਵਿਚ ਜਸਕਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਦਲਜੀਤ ਸਿੰਘ ਲਾਖਾ ਸਾਬਕਾ ਡੀ. ਆਈ. ਜੀ. ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਵਲੋਂ ਖਿਡਾਰੀਆਂ ਨੂੰ ਤਗਮੇ, ਸਨਮਾਨ ਚਿੰਨ੍ਹ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਖਿਡਾਰੀਆਂ ਨੂੰ ਡਾਇਟ ਵੀ ਮੁਹੱਈਆ ਕਰਵਾਈ ਗਈ ਅਤੇ ਭਵਿੱਖ ਵਿਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਡਾ. ਸ਼ਵਿੰਦਰ ਸਿੰਘ ਲਾਖਾ ਤੇ ਆਰਗੇਨਾਈਜ਼ੇਸ਼ਨ ਸਕੱਤਰ ਤੇ ਮਨੋਵਿਗਿਆਨੀ ਹਰਜੋਤ ਸਿੰਘ ਸਹੋਤਾ ਨੇ ਖੇਡ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਦਲਜੀਤ ਸਿੰਘ ਲਾਖਾ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਐੱਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਦੀ ਸਥਾਪਨਾ ਸਾਲ ਜੂਨ 2025 ਵਿਚ ਇਲਾਕੇ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਆਰੰਭ ਕੀਤੀ ਗਈ ਸੀ ਅਤੇ ਇਸ ਅਕੈਡਮੀ ਵਿਚ ਹਰ ਰੋਜ਼ ਸ਼ਾਮ ਨੂੰ ਨੈਸ਼ਨਲ ਪੱਧਰ ਦੇ ਕੋਚ ਮਨਜੀਤ ਸਿੰਘ ਮੰਡ ਦੀ ਅਗਵਾਈ ਹੇਠ ਖਿਡਾਰੀਆਂ ਨੂੰ ਬਿਲਕੁਲ ਮੁਫ਼ਤ ਖੇਡ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਦਵਿੰਦਰ ਸਿੰਘ ਲਾਲਾ ਦਾਤਾ ਪ੍ਰਧਾਨ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਰਾਜਾ ਜਲੋਟਾ ਕੈਨੇਡਾ, ਪੰਚ ਕਮਲਜੀਤ ਸਿੰਘ ਮਨੀ, ਕੁਲਵੰਤ ਸਿੰਘ, ਨਛੱਤਰ ਸਿੰਘ, ਮਾਸਟਰ ਲਖਵਿੰਦਰ ਸਿੰਘ, ਸੇਵਾ ਮੁਕਤ ਹੈੱਡ ਮਾਸਟਰ ਅਮੀਰ ਸਿੰਘ ਸਹੋਤਾ , ਕਰਤਾਰ ਸਿੰਘ ਕਾਰੀ ਆਦਿ ਹਾਜ਼ਰ ਸਨ।