ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਅਨੀਮੀਆਂ ਅਤੇ ਕੁਪੋਸ਼ਣ ਦੇ ਅੰਕੜਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦਿਅਂ ਕਿਹਾ ਕਿ ਜਦੋਂ ਦੇਸ਼ ਦੀਆਂ ਲੱਖਾਂ ਔਰਤਾਂ ਅਤੇ ਬੱਚੇ ਕੁਪੋਸ਼ਣ ਨਾਲ ਜੂਝ ਰਹੇ ਹਨ ਤਾਂ ਭਾਰਤ ਆਪਣੇ ਜਨ ਅੰਕੜਾ ਵਿਗਿਆਨ ਦਾ ਫਾਇਦਾ ਕਿਵੇਂ ਚੁੱਕ ਸਕਦਾ ਹੈ। ਖੜਗੇ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਆਈ. ਸੀ. ਐਮ. ਆਰ. ਦੀ ਰਿਪੋਰਟ ਮੁਤਾਬਿਕ ਬੱਚਾ ਪੈਦਾ ਕਰਨ ਦੀ ਉਮਰ ਦੇ ਵਰਗ ਦੀਆਂ 55.9 ਫੀਸਦੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਨੌਜਵਾਨ ਮੁੰਡੇ-ਕੁੜੀਆਂ ’ਚ ਤਕਰੀਬਨ ਦੋ ਤਿਹਾਈ ’ਚ ਵਿਟਾਮਿਨ ਬੀ-12 ਦੀ ਕਮੀ ਹੈ। 1 ਤੋਂ ਚਾਰ ਸਾਲ ਦੀ ਉਮਰ ਦੇ 42 ਫੀਸਦੀ ਬੱਚੇ ਖੂਨ ਦੀ ਕਮੀ ਤੋਂ ਪੀੜਤ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਦਾ ਅਨੀਮੀਆ ਦੇ ਹਲਕੇ ਮਾਮਲਿਆਂ ’ਤੇ ਜ਼ੋਰ ਦੇਣ ਨਾਲ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਬੱਚਾ ਪੈਦਾ ਕਰਨ ਦੀ ਉਮਰ ਦੇ ਵਰਗ ਦੀਆਂ ਤਕਰੀਬਨ 30 ਫੀਸਦੀ ਔਰਤਾਂ ਮੱਧਮ ਜਾਂ ਗੰਭੀਰ ਅਨੀਮੀਆ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਹਾਲ ’ਚ ਆਏ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 6 ਤੋਂ ਵੀ ਪਤਾ ਚਲਦਾ ਹੈ ਕਿ ਤਕਰੀਬਨ ਇਕ ਤਿਹਾਈ ਬੱਚੇ ਘੱਟ ਵਜ਼ਨ ਦੇ ਹਨ ਅਤੇ ਹਰ ਪੰਜ ’ਚੋਂ ਇਕ ਬੱਚਾ ਗੰਭੀਰ ਕੁਪੋਸ਼ਣ ਤੋਂ ਪ੍ਰਭਾਵਿਤ ਹੈ। ਖੜਗੇ ਨੇ ਕਿਹਾ ਕਿ ਕੇਂਦਰੀ ਬਜਟ ’ਚ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਦਾ ਹਿੱਸਾ ਵੀ ਤਕਰੀਬਨ ਅੱਧਾ ਰਹਿ ਗਿਆ ਹੈ। ਇਹ 2015-16 ’ਚ 0.96 ਫੀਸਦੀ ਸੀ ਜੋ 2025-26 ’ਚ ਘੱਟ ਕੇ 0.50 ਫੀਸਦੀ ਰਹਿ ਗਿਆ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਦੇ 12 ਸਾਲ ਕਈ ਪੋਸ਼ਣ ਯੋਜਨਾਵਾਂ ਪ੍ਰੋਗਰਾਮਾਂ ਦੇ ਬਾਵਜੂਦ ਜਵਾਬਦੇਹੀ ਕਿੱਥੇ ਹੈ?
ਖੜਗੇ ਨੇ ਖੂਨ ਦੀ ਕਮੀ ਅਤੇ ਕੁਪੋਸ਼ਣ ਦੇ ਅੰਕੜਿਆਂ ’ਤੇ ਕੇਂਦਰ ਤੋਂ ਮੰਗੀ ਜਵਾਬਦੇਹੀ
ਖੜਗੇ ਨੇ ਖੂਨ ਦੀ ਕਮੀ ਅਤੇ ਕੁਪੋਸ਼ਣ ਦੇ ਅੰਕੜਿਆਂ ’ਤੇ ਕੇਂਦਰ ਤੋਂ ਮੰਗੀ ਜਵਾਬਦੇਹੀ
ਅਜੀਤ ਡੈਸਕ
26-11-2026