25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕੇਂਦਰੀ ਮੰਤਰੀ ਮੰਡਲ ਵਲੋਂ ਡਾਕਘਰਾਂ ਨੂੰ ਮੁੜ ਨਵਿਆਉਣ ਦਾ ਫ਼ੈਸਲਾ

ਕੇਂਦਰੀ ਮੰਤਰੀ ਮੰਡਲ ਵਲੋਂ ਡਾਕਘਰਾਂ ਨੂੰ ਮੁੜ ਨਵਿਆਉਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 26-11-2026

ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)- ਆਮ ਆਦਮੀ ਦੀ ਜ਼ਿੰਦਗੀ ਨਾਲ ਡਾਕਘਰਾਂ ਦੇ ਜੁੜਾਅ ਨੂੰ ਵੇਖਦਿਆਂ ਸਰਕਾਰ ਨੇ ਨਾ ਸਿਰਫ਼ ਇਸਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਗੋਂ ਇਸਦੇ ਸੰਚਾਲਨ ਨੂੰ ਆਧੁਨਿਕ ਬਣਾਉਣ ਸੰਬੰਧੀ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਣਵ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਕਤ ਬਿਆਨ ਦਿੱਤਾ। ਅਸ਼ਵਨੀ ਵੈਸ਼ਣਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਡਾਕ ਵਿਭਾਗ ਦੀ ਅਸਟੇਟ ਮੈਨੇਜਮੈਂਟ ਸਕੀਮ ਨੂੰ ਵਿੱਤੀ ਸਾਲ 2026-27 ਤੋਂ 2030-31 ਤੱਕ ਜਾਰੀ ਰੱਖਣ ਲਈ 1491 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਸਕੀਮ ਤਹਿਤ ਦੇਸ਼ ਭਰ ’ਚ ਡਾਕ ਵਿਭਾਗ ਦੇ 190 ਨਵੇਂ ਭਵਨ ਬਣਾਏ ਜਾਣਗੇ। ਇਸ ਤੋਂ ਇਲਾਵਾ 50 ਅਜਿਹੇ ਡਾਕ ਭਵਨਾਂ ਦਾ ਮੁੜ-ਨਿਰਮਾਣ ਕੀਤਾ ਜਾਵੇਗਾ ਜਿਨ੍ਹਾਂ ਦੀ ਇਮਾਰਤ ਮਾੜੀ ਸਥਿਤੀ ’ਚ ਹੈ। ਮੰਤਰੀ ਮੰਡਲ ਨੇ 5050 ਡਾਕਘਰਾਂ ਅਤੇ ਡਾਕ ਵਿਭਾਗ ਦੀਆਂ 150 ਰਿਹਾਇਸ਼ੀ ਕਾਲੋਨੀਆਂ ਦੇ ਨਵੀਨੀਕਰਨ ਨੂੰ ਵੀ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ 20 ਇਤਿਹਾਸਕ ਡਾਕ ਭਵਨਾਂ ਨੂੰ ਸਮਾਰਕ ਦਾ ਦਰਜਾ ਦਿੱਤਾ ਜਾਏਗਾ ਅਤੇ ਬੈਂਗਲੁਰੂ ’ਚ ਇਕ ਇੰਟੀਗ੍ਰੇਟਿਡ ਟੈਕਨਾਲੋਜੀ ਸੈਂਟਰ ਬਣਾਇਆ ਜਾਏਗਾ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਡਾਕ ਸੰਚਾਲਨ ਯੋਜਨਾ ਨੂੰ 16ਵੇਂ ਵਿੱਤ ਕਮਿਸ਼ਨ ਦੀ ਮਿਆਦ ਲਈ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਲਈ 1141 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬਜਟ ਰਾਹੀਂ, ਦਿਹਾਤੀ ਡਾਕਘਰਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ। ਈ-ਕਾਮਰਸ ਕੰਪਨੀਆਂ ਨਾਲ ਭਾਰੀ ਮੁਕਾਬਲੇ ’ਚ ਫਸੇ ਡਾਕ ਵਿਭਾਗ ਨੇ ਡਿਜੀਟਲ ਤਕਨੀਕ ਰਾਹੀਂ ਚਿੱਠੀਆਂ ਅਤੇ ਪਾਰਸਲ ਦੇ ਸੰਚਾਲਨ ਨੂੰ ਆਧੁਨਿਕ ਬਣਾਉਣ ਅਤੇ ਈ ਕਾਮਰਸ ਅਤੇ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮਜ਼ਬੂਤ ਕਰਨ ਦਾ ਵੀ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਡਾਕ ਟਿਕਟਾਂ ਇਕੱਠੇ ਕਰਨ ਦੇ ਸ਼ੌਕੀਨਾਂ ਲਈ ਵੀ ਨਵੇਂ ਸੰਗ੍ਰਹਿ ਲਿਆਂਦੇ ਜਾਣਗੇ।
ਬੁਲਡੋਜ਼ਰ, ਕ੍ਰੇਨ ਅਤੇ ਸੁਰੰਗ ਪੁੱਟਣ ਵਾਲੀਆਂ ਮਸ਼ੀਨਾਂ ਦੇ ਪੁਰਜੇ ਦੇਸ਼ ’ਚ ਹੀ ਬਣਾਉਣ ਨੂੰ ਮਨਜ਼ੂਰੀ
ਕੇਂਦਰ ਸਰਕਾਰ ਨੇ 11 ਹਜ਼ਾਰ ਕਰੋੜ ਰੁਪਏ ਦੀ ਉਸਾਰੀ ਅਤੇ ਬੁਨਿਆਦੀ ਢਾਂਚਾ ਉਪਕਰਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਅਗਲੇ 8 ਸਾਲਾਂ ’ਚ ਦੇਸ਼ ’ਚ ਬੁਲਡੋਜ਼ਰ, ਕ੍ਰੇਨ ਅਤੇ ਵੱਡੀਆਂ ਮਸ਼ੀਨਾਂ ਅਤੇ ਉਨ੍ਹਾਂ ਦੇ ਛੋਟੇ ਪੁਰਜ਼ਿਆਂ ਨੂੰ ਭਾਰਤ ’ਚ ਹੀ ਬਣਾਇਆ ਜਾ ਸਕੇਗਾ। ਮਸ਼ੀਨਾਂ ਦੀ ਜਾਂਚ ਲਈ ਇਕ ਵੱਖਰਾ ਕੇਂਦਰ ਬਣਾਇਆ ਜਾਏਗਾ, ਜਿਸ ਲਈ 375 ਕਰੋੜ ਰੁਪਏ ਰੱਖੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਵਧਾ ਕੇ 431 ਰੁਪਏ ਪ੍ਰਤੀ ਕੁਇੰਟਲ ਕੀਤਾ ਅਗਲੀ ਖ਼ਬਰ ਕੇਂਦਰ ਵਲੋਂ ਨੰਗਲ ’ਚ 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਪਲਾਂਟ ਨੂੰ ਹਰੀ ਝੰਡੀ
Ad Position 24