ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 16 ਨਵੰਬਰ : ਪੰਜਾਬ ਦੀ ਸਿਆਸਤ ਇਸ ਵੇਲੇ ਇੱਕ ਬੇਹੱਦ ਦਿਲਚਸਪ ਤੇ ਫ਼ੈਸਲਾਕੁੰਨ ਮੋੜ ’ਤੇ ਖੜ੍ਹੀ ਹੈ । 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਦੇ ਸਿਆਸੀ ਗਲਿਆਰਿਆਂ ਵਿਚ ਪੁਰਾਣੇ ਗੱਠਜੋੜਾਂ ਦੀ ਵਾਪਸੀ, ਨਵੀਆਂ ਪੰਥਕ ਧਿਰਾਂ ਦੇ ਉਭਾਰ ਤੇ ਸੱਤਾਧਾਰੀ ਧਿਰ ਦੀਆਂ ਲੋਕ-ਲੁਭਾਊ ਸਕੀਮਾਂ ਦੇ ਅਸਰ ਨੂੰ ਲੈ ਕੇ ਤਿੱਖੀ ਬਹਿਸ ਛਿੜੀ ਹੋਈ ਹੈ । ਪੰਜਾਬ ਦੀ ਭਵਿੱਖੀ ਸਿਆਸਤ ਦੀ ਤਸਵੀਰ ਸਮਝਣ ਲਈ 2017 ਤੇ 2022 ਦੇ ਚੋਣ ਨਤੀਜਿਆਂ ਦੇ ਸਰਕਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਜ਼ਰੂਰੀ ਹੈ । ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 10 ਸਾਲਾਂ ਦੇ ਲਗਾਤਾਰ ਰਾਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਵੱਡੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਗੱਠਜੋੜ ਤਹਿਤ ਸੂਬੇ ਦੀਆਂ ਕੁੱਲ 117 ਸੀਟਾਂ ਵਿਚੋਂ ਅਕਾਲੀ ਦਲ ਨੇ 94 ਤੇ ਭਾਜਪਾ ਨੇ 23 ਸੀਟਾਂ ’ਤੇ ਚੋਣ ਲੜੀ ਸੀ ਭਾਵ ਲਗਭਗ 80:20 ਦਾ ਸੀਟ ਵੰਡ ਅਨੁਪਾਤ ਸੀ । ਚੋਣ ਨਤੀਜਿਆਂ ਵਿਚ ਗੱਠਜੋੜ ਮਹਿਜ਼ 18 ਸੀਟਾਂ ’ਤੇ ਸਿਮਟ ਗਿਆ, ਜਿਸ ਵਿਚ ਅਕਾਲੀ ਦਲ ਨੂੰ 15 ਤੇ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ । ਭਾਜਪਾ ਵਲੋਂ ਜਿੱਤੇ ਗਏ ਤਿੰਨ ਹਲਕਿਆਂ ਵਿਚ ਮਾਝੇ ਦੀ ਸੁਜਾਨਪੁਰ ਦਿਨੇਸ਼ ਸਿੰਘ ਬੱਬੂ, ਦੁਆਬੇ ਦੀ ਫਗਵਾੜਾ ਸੋਮ ਪ੍ਰਕਾਸ਼ ਤੇ ਮਾਲਵੇ ਦੀ ਅਬੋਹਰ ਅਰੁਣ ਨਾਰੰਗ ਸੀਟ ਸ਼ਾਮਿਲ ਸੀ । ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ, 2017 ਵਿਚ ਪੰਜਾਬ ਅੰਦਰ ਕੁੱਲ 2,00,29,646 ਰਜਿਸਟਰਡ ਵੋਟਰ ਸਨ, ਜਿਨ੍ਹਾਂ ਵਿਚੋਂ ਲਗਭਗ 1.54 ਕਰੋੜ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਤੇ ਕੁੱਲ ਮਤਦਾਨ ਦਰ 77.20 ਫ਼ੀਸਦੀ ਰਹੀ । ਇਨ੍ਹਾਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ 77 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਿਲ ਕੀਤਾ । ਪਾਰਟੀਆਂ ਦੇ ਵੋਟ ਸ਼ੇਅਰ ’ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੂੰ 38.5 ਫ਼ੀਸਦੀ ਵੋਟਾਂ ਮਿਲੀਆਂ । ਦੂਜੇ ਨੰਬਰ ’ਤੇ ਵੋਟ ਪ੍ਰਤੀਸ਼ਤ ਪੱਖੋਂ ਅਕਾਲੀ ਦਲ ਰਿਹਾ, ਜਿਸ ਨੇ 25.24 ਫ਼ੀਸਦੀ ਵੋਟਾਂ ਲਈਆਂ, ਜਦਕਿ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੀ ਆਮ ਆਦਮੀ ਪਾਰਟੀ (ਆਪ) 23.72 ਫ਼ੀਸਦੀ ਵੋਟਾਂ ਅਤੇ 20 ਸੀਟਾਂ ਨਾਲ ਮੁੱਖ ਵਿਰੋਧੀ ਧਿਰ ਬਣੀ । ਭਾਜਪਾ ਨੂੰ 5.4 ਫ਼ੀਸਦੀ, ਲੋਕ ਇਨਸਾਫ਼ ਪਾਰਟੀ ਨੂੰ 1.2 ਫ਼ੀਸਦੀ 2 ਸੀਟਾਂ ਅਤੇ ਬਹੁਜਨ ਸਮਾਜ ਪਾਰਟੀ ਨੂੰ 1.5 ਫ਼ੀਸਦੀ ਵੋਟਾਂ ਹਾਸਿਲ ਹੋਈਆਂ।
2027 ਦੇ ਸਮੀਕਰਨ
ਅਕਾਲੀ-ਭਾਜਪਾ ਗੱਠਜੋੜ, ‘ਵਾਰਿਸ ਪੰਜਾਬ ਦੇ’ ਅਤੇ ਸਰਕਾਰੀ ਸਕੀਮਾਂ
ਮੌਜੂਦਾ ਸਿਆਸੀ ਦ੍ਰਿਸ਼ ਵਿਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀਆਂ ਕਿਆਸਅਰਾਈਆਂ ਤੇਜ਼ ਹਨ । ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਸ਼ਹਿਰੀ ਹਿੰਦੂ ਵੋਟ ਅਤੇ ਰਵਾਇਤੀ ਅਕਾਲੀ ਵੋਟ ਬੈਂਕ ਦੇ ਜੁੜਨ ਨਾਲ ਦੁਆਬੇ ਅਤੇ ਮਾਝੇ ਦੀਆਂ ਕਈ ਸ਼ਹਿਰੀ-ਅਰਧ ਸ਼ਹਿਰੀ ਸੀਟਾਂ ’ਤੇ ਮੁਕਾਬਲਾ ਤਿਕੋਣਾ ਹੋ ਸਕਦਾ ਹੈ । ਹਾਲਾਂਕਿ, ਪੇਂਡੂ ਸਿੱਖ ਵੋਟਰਾਂ ਵਿਚ ਅਜੇ ਵੀ ਭਾਜਪਾ ਪ੍ਰਤੀ ਨਾਰਾਜ਼ਗੀ ਅਕਾਲੀ ਦਲ ਲਈ ਵੱਡੀ ਚੁਣੌਤੀ ਬਣੀ ਰਹੇਗੀ । ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਪਹਿਲਾਂ ਨਾਲੋਂ ਦੁਗਣੀਆਂ ਸੀਟਾਂ ਮੰਗ ਰਹੀ ਹੈ । ਦੂਜੇ ਪਾਸੇ, ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਾਰਿਸ ਪੰਜਾਬ ਦੇ ਧੜੇ ਦਾ ਉਭਾਰ ਸ਼੍ਰੋਮਣੀ ਅਕਾਲੀ ਦਲ (ਬ) ਲਈ ਸਭ ਤੋਂ ਵੱਡਾ ਸਿਰਦਰਦ ਬਣ ਕੇ ਉੱਭਰਿਆ ਹੈ । ਮਾਲਵੇ ਦੇ ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਮਾਝੇ ਦੇ ਪੰਥਕ ਹਲਕਿਆਂ ਵਿਚ ਇਸ ਧੜੇ ਵਲੋਂ ਗਰਮ-ਖ਼ਿਆਲੀ ਤੇ ਨੌਜਵਾਨ ਪੰਥਕ ਵੋਟਾਂ ਨੂੰ ਆਪਣੇ ਵੱਲ ਖਿੱਚਣ ਨਾਲ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਨੂੰ ਸਿੱਧਾ ਤੇ ਡੂੰਘਾ ਖੋਰਾ ਲੱਗਣ ਦੇ ਪੂਰੇ ਆਸਾਰ ਹਨ । ਵੱਖ-ਵੱਖ ਸਿਆਸੀ ਸਰਵੇਖਣ ਵੀ ਸੰਕੇਤ ਦੇ ਰਹੇ ਹਨ ਕਿ ਪੰਥਕ ਵੋਟਾਂ ਦੀ ਇਹ ਵੰਡ ਬਾਦਲ ਦਲ ਦੀ ਵਾਪਸੀ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਬਣੇਗੀ । ਇਸ ਸਿਆਸੀ ਖਿੱਚੋਤਾਣ ਦਰਮਿਆਨ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੇ ਕੰਮਾਂ ਤੇ ਭਲਾਈ ਸਕੀਮਾਂ ਦੇ ਦਮ ’ਤੇ ਮੁੜ ਸੱਤਾ ਵਿਚ ਆਉਣ ਲਈ ਪੂਰਾ ਜ਼ੋਰ ਲਾ ਰਹੀ ਹੈ । ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਵੇਲੇ ਬਿਜਲੀ ਦੀ ਸਪਲਾਈ ਅਤੇ ਨਹਿਰੀ ਢਾਂਚੇ ਦੇ ਵਿਸਥਾਰ ਸਦਕਾ 80 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਨੇ ਪੇਂਡੂ ਵੋਟਰਾਂ ਵਿਚ ਸਰਕਾਰ ਪ੍ਰਤੀ ਸਾਕਾਰਾਤਮਕ ਮਾਹੌਲ ਸਿਰਜਿਆ ਹੈ। ਇਸ ਤੋਂ ਇਲਾਵਾ, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ ਲਗਭਗ 97 ਫ਼ੀਸਦੀ ਯੋਗ ਔਰਤਾਂ ਦੇ ਖਾਤਿਆਂ ਵਿਚ ਸਿੱਧੇ ਤੌਰ ’ਤੇ 1,000 ਰੁਪਏ (ਤੇ ਐਸ.ਸੀ. ਵਰਗ ਦੀਆਂ ਔਰਤਾਂ ਲਈ 1,500 ਰੁਪਏ) ਮਹੀਨਾਵਾਰ ਪਾਉਣ ਦੀ ਸਕੀਮ ਨੇ ‘ਆਪ’ ਨੂੰ ਮਹਿਲਾ ਵੋਟਰਾਂ ਵਿਚ ਇਕ ਮਜ਼ਬੂਤ ਆਧਾਰ ਦਿੱਤਾ ਹੈ, ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਪਾਰਟੀ ਨੂੰ ਸੱਤਾ ਵਿਰੋਧੀ ਲਹਿਰ ਤੇ ਪੰਥਕ ਵੋਟਾਂ ਦੀ ਵੰਡ ਦਾ ਸਿੱਧਾ ਲਾਹਾ ਮਿਲਣ ਦੀ ਉਮੀਦ ਹੈ, ਜੇਕਰ ਅਕਾਲੀ-ਭਾਜਪਾ ਗੱਠਜੋੜ ਸਿਰੇ ਨਹੀਂ ਚੜ੍ਹਦਾ ਤਾਂ ਕਾਂਗਰਸ ‘ਆਪ’ ਦੇ ਮੁੱਖ ਮੁਕਾਬਲੇਬਾਜ਼ ਵਜੋਂ ਉੱਭਰ ਕੇ ਵੱਡਾ ਫ਼ਾਇਦਾ ਖੱਟ ਸਕਦੀ ਹੈ । ਪਰੰਤੂ, ਕਾਂਗਰਸ ਦੀ ਅੰਦਰੂਨੀ ਧੜੇਬੰਦੀ ਅਤੇ ‘ਆਪ’ ਦੀਆਂ ਸਿੱਧੀਆਂ ਨਕਦ ਲਾਭ ਸਕੀਮਾਂ ਦੀ ਕਾਟ ਲੱਭਣਾ ਉਸ ਲਈ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ । ਕੁੱਲ ਮਿਲਾ ਕੇ 2027 ਦੀ ਚੋਣ ਜੰਗ ਪਿਛਲੀਆਂ ਚੋਣਾਂ ਵਾਂਗ ਇੱਕਤਰਫ਼ਾ ਲਹਿਰ ਦੀ ਬਜਾਏ ਬਹੁ-ਕੋਣੀ ਤੇ ਬੇਹੱਦ ਫਸਵੇਂ ਮੁਕਾਬਲਿਆਂ ਵਾਲੀ ਹੋਣ ਜਾ ਰਹੀ ਹੈ ।
2022 ਦੀ ਸੁਨਾਮੀ ’ਚ ਰਵਾਇਤੀ ਪਾਰਟੀਆਂ ਦਾ ਸਫ਼ਾਇਆ
ਪੰਜ ਸਾਲ ਬਾਅਦ 2022 ਦੀਆਂ ਚੋਣਾਂ ਨੇ ਪੰਜਾਬ ਦੀ ਸਿਆਸਤ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਦਿੱਤਾ। ਕੁੱਲ 2.14 ਕਰੋੜ ਵੋਟਰਾਂ ਵਿਚੋਂ 72.15 ਫ਼ੀਸਦੀ ਨੇ ਵੋਟ ਪਾਈ । ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਤੇ ਭਾਜਪਾ ਦਾ ਦਹਾਕਿਆਂ ਪੁਰਾਣਾ ਗੱਠਜੋੜ ਟੁੱਟ ਚੁੱਕਾ ਸੀ । ਨਤੀਜਿਆਂ ਵਿਚ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ 42.01 ਫ਼ੀਸਦੀ ਵੋਟ ਸ਼ੇਅਰ ਨਾਲ ਇਤਿਹਾਸਕ 92 ਸੀਟਾਂ ਜਿੱਤ ਕੇ ਝਾੜੂ ਫੇਰ ਦਿੱਤਾ । ਸੱਤਾਧਾਰੀ ਕਾਂਗਰਸ 22.98 ਫ਼ੀਸਦੀ ਵੋਟਾਂ ਨਾਲ 18 ਸੀਟਾਂ ’ਤੇ ਆ ਗਈ, ਜਦਕਿ ਅਕਾਲੀ ਦਲ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਲੰਘਦਿਆਂ 18.38 ਫ਼ੀਸਦੀ ਵੋਟਾਂ ਨਾਲ ਮਹਿਜ਼ 3 ਸੀਟਾਂ ’ਤੇ ਸਿਮਟ ਗਿਆ । ਇਕੱਲਿਆਂ ਚੋਣ ਲੜਨ ਵਾਲੀ ਭਾਜਪਾ ਦਾ ਵੋਟ ਸ਼ੇਅਰ 6.6 ਫ਼ੀਸਦੀ ਦੇ ਕਰੀਬ ਰਿਹਾ ਤੇ ਉਸ ਨੂੰ ਸਿਰਫ਼ 2 ਸੀਟਾਂ ਪਠਾਨਕੋਟ ਅਤੇ ਮੁਕੇਰੀਆਂ ’ਤੇ ਸਬਰ ਕਰਨਾ ਪਿਆ।