ਨਵੀਂ ਦਿੱਲੀ, 16 ਨਵੰਬਰ (ਉਪਮਾ ਡਾਗਾ ਪਾਰਥ)- ਰੱਖਿਆ ਮੰਤਰਾਲੇ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ‘ਅਟਲ ਵਯੋ ਅਭੁਦਯ’ ਯੋਜਨਾ ਤਹਿਤ ਕੈਂਟ ਇਲਾਕਿਆਂ ’ਚ ਨਵੇਂ ਦੇਖਭਾਲ ਕੇਂਦਰ ਅਤੇ ਸੀਨੀਅਰ ਸਿਟੀਜ਼ਨ ਹੋਮ ਸਥਾਪਿਤ ਕਰਨ ਲਈ ਇਕ ਸਮਝੌਤੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਮਾਜਿਕ ਨਿਆਂ ਮੰਤਰੀ ਵਰਿੰਦਰ ਕੁਮਾਰ ਦੀ ਮੌਜੂਦਗੀ ’ਚ ਦਸਤਖ਼ਤ ਕੀਤੇ। ਜਾਰੀ ਬਿਆਨ ਮੁਤਾਬਿਕ ਯੋਜਨਾ ਤਹਿਤ ਸਮਾਜਿਕ ਨਿਆਂ ਮੰਤਰਾਲਾ ਵਿੱਤੀ ਮਦਦ ਮੁਹੱਈਆ ਕਰੇਗਾ, ਜਿਸ ’ਚ ਵੱਖ-ਵੱਖ ਕੈਂਟ ਬੋਰਡ ਵਲੋਂ ਆਪਣੇ ਬਜਟ ਨਾਲ ਚਲਾਏ ਜਾ ਰਹੇ ਮੌਜੂਦਾ ਦੇਖਭਾਲ ਕੇਂਦਰਾਂ ਅਤੇ ਸੀਨੀਅਰ ਸਿਟੀਜ਼ਨ ਹੋਮ ਦੇ ਸੰਚਾਲਨ ਅਤੇ ਰੱਖ-ਰਖਾਵ ਲਈ ਦਿੱਤੀ ਜਾਣ ਵਾਲੀ ਮਦਦ ਵੀ ਸ਼ਾਮਿਲ ਹੈ। ਅੰਬਾਲਾ (ਹਰਿਆਣਾ), ਦੇਵਲਾਲੀ (ਮਹਾਰਾਸ਼ਟਰ), ਜਬਲਪੁਰ (ਮੱਧ ਪ੍ਰਦੇਸ਼), ਰਾਣੀਖੇਤ ਅਤੇ ਲੈਂਸਡਾਉਨ (ਉੱਤਰਾਖੰਡ) ਛਾਉਣੀਆਂ ’ਚ ਪਹਿਲਾਂ ਤੋਂ ਦੇਖਭਾਲ ਕੇਂਦਰ ਚੱਲ ਰਹੇ ਹਨ। ਰੱਖਿਆ ਮੰਤਰਾਲੇ ਨੇ ਨਵੇਂ ਕੇਂਦਰ ਖੋਲ੍ਹਣ ਲਈ ਜਿਨ੍ਹਾਂ ਛਾਉਣੀਆਂ ਦੀ ਪਛਾਣ ਕੀਤੀ ਹੈ, ਉਨ੍ਹਾਂ ’ਚ ਦਿੱਲੀ, ਬੈਰਕਪੁਰ (ਪੱਛਮੀ ਬੰਗਾਲ), ਬੇਲਗਾਮ (ਕਰਨਾਟਕ), ਝਾਂਸੀ (ਉੱਤਰ ਪ੍ਰਦੇਸ਼), ਖੜਕੀ ਅਤੇ ਪੁਣੇ (ਮਹਾਰਾਸ਼ਟਰ), ਸਿੰਕਦਰਾਬਾਦ (ਤੇਲੰਗਾਨਾ) ਅਤੇ ਸੇਂਟ ਥਾਮਸ ਮਾਊਂਟ (ਤਾਮਿਲਨਾਡੂ) ਸ਼ਾਮਿਲ ਹਨ। ਦੋਵਾਂ ਮੰਤਰਾਲਿਆਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਇਕ ਸਾਂਝਾ ਵਫ਼ਦ ਇਸ ਪਹਿਲਕਦਮੀ ਦੇ ਤਾਲਮੇਲ, ਅਮਲ ਤੇ ਨਿਗਰਾਨੀ ’ਚ ਸਹਾਇਤਾ ਕਰੇਗਾ।
ਰੱਖਿਆ ਅਤੇ ਸਮਾਜਿਕ ਨਿਆਂ ਮੰਤਰਾਲਿਆਂ ਵਲੋਂ ਛਾਉਣੀ ਖੇਤਰਾਂ ’ਚ ਬਜ਼ੁਰਗਾਂ ਦੀ ਭਲਾਈ ਲਈ ਅਹਿਮ ਸਮਝੌਤਾ
ਰੱਖਿਆ ਅਤੇ ਸਮਾਜਿਕ ਨਿਆਂ ਮੰਤਰਾਲਿਆਂ ਵਲੋਂ ਛਾਉਣੀ ਖੇਤਰਾਂ ’ਚ ਬਜ਼ੁਰਗਾਂ ਦੀ ਭਲਾਈ ਲਈ ਅਹਿਮ ਸਮਝੌਤਾ
ਅਜੀਤ ਡੈਸਕ
17-11-2026